ਨਿਊਜ਼ ਡੈਸਕ: ਪੀਲ ਰੀਜਨਲ ਪੁਲਿਸ, ਕੈਨੇਡਾ ਨੇ ਇੱਕ ਵੱਡੇ ਸੰਯੁਕਤ ਆਪ੍ਰੇਸ਼ਨ ਵਿੱਚ ਭਾਰਤੀ ਅਤੇ ਪੰਜਾਬੀ ਮੂਲ ਦੇ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅੰਤਰਰਾਸ਼ਟਰੀ ਜਬਰਦਸਤੀ ਰਿੰਗ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਅਨੁਸਾਰ ਇਹ ਗਰੋਹ ਅਮਰੀਕਾ ਦੇ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਵਿੱਚ ਸਰਗਰਮ ਸੀ ਅਤੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਰੋਹ ਰੈਸਟੋਰੈਂਟ ਮਾਲਕਾਂ, ਟਰੱਕ ਕੰਪਨੀਆਂ ਅਤੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦਾ ਸੀ। ਪੈਸੇ ਨਾ ਮਿਲਣ ਕਾਰਨ ਗੋਲੀਬਾਰੀ, ਅੱਗਜ਼ਨੀ ਅਤੇ ਹਿੰਸਕ ਹਮਲਿਆਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪੁਲਿਸ ਨੇ ਇਸ ਨੈੱਟਵਰਕ ਨਾਲ ਸਬੰਧਿਤ ਕੁੱਲ 24 ਘਟਨਾਵਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਵਿੱਚ 16 ਗੰਭੀਰ ਹਿੰਸਕ ਘਟਨਾਵਾਂ ਸ਼ਾਮਿਲ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਈ ਮਾਮਲਿਆਂ ਵਿੱਚ 324 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ।

ਛਾਪੇਮਾਰੀ ਦੌਰਾਨ ਪੁਲਿਸ ਨੇ 6 ਨਾਜਾਇਜ਼ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ, ਸਿਮ ਕਾਰਡ ਅਤੇ ਜਾਅਲੀ ਪਛਾਣ ਪੱਤਰ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਕੁੱਲ 106 ਅਪਰਾਧਿਕ ਮਾਮਲੇ ਦਰਜ ਹਨ।
ਫੜੇ ਗਏ ਦੋਸ਼ੀਆਂ ਵਿਚ ਇਕਬਾਲ ਸਿੰਘ ਭਾਗਰੀਆ, ਅਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁੰਮਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੌਤਮ ਗੌਤਮ ਸ਼ਾਮਿਲ ਹਨ।
ਪੀਲ ਰੀਜਨਲ ਪੁਲਿਸ ਮੁਖੀ ਨਿਸ਼ਾਨ ਦੁਰਈੱਪਾ ਨੇ ਕਿਹਾ ਕਿ ਇਹ ਗਿਰੋਹ ਸੀਮਾ ਪਾਰ ਸੰਗਠਿਤ ਅਪਰਾਧ ਨੈਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਕਈ ਏਜੰਸੀਆਂ ਦੇ ਸਾਂਝੇ ਯਤਨਾਂ ਰਾਹੀਂ ਤੋੜਿਆ ਗਿਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਛੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।

