ਬਠਿੰਡਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਨੀਵਾਰ ਨੂੰ ਬਠਿੰਡਾ ਵਿਖੇ ਬਠਿੰਡਾ-ਬਰਨਾਲਾ ਬਾਈਪਾਸ ਓਵਰਬ੍ਰਿਜ਼ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਬਠਿੰਡਾ-ਬਰਨਾਲਾ ਬਾਈਪਾਸ ਬਣਨ ਦੇ ਨਾਲ ਜਿੱਥੇ ਸੜਕ ਹਾਦਸਿਆਂ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਲਈ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਵੇਗੀ। ਇਹ ਪੁਲ ਬਨਣ ਨਾਲ ਸ਼ਹਿਰ ਤੇ ਨਾਲ ਲੱਗਦੇ ਮੁਹੱਲਿਆਂ ਦੀ ਤਕਰੀਬਨ 50 ਹਜ਼ਾਰ ਆਬਾਦੀ ਨੂੰ ਫਾਇਦਾ ਹੋਵੇਗਾ।
ਸ਼ਹਿਰ ਦੇ ਗਰੀਨ ਸਿਟੀ ਅਤੇ ਬੱਲਾ ਰਾਮ ਨਗਰ ਜੰਕਸ਼ਨ ਤੇ ਇਸ ਫਲਾਈਓਵਰ ਦੀ ਉਸਾਰੀ ਕਰਨ ਸਮੇਤ 2 ਵੀਯੂਪੀ ਦਾ 50 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਨੇ ਲੰਮੇ ਸਮੇਂ ਤੋਂ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਕਿਹਾ ਕਿ ਇਸ ਓਵਰਬ੍ਰਿਜ਼ ਦਾ ਕੰਮ ਦਸੰਬਰ ਮਹੀਨੇ ‘ਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਪੁੱਲ ਦੇ ਬਨਣ ਦੇ ਨਾਲ ਬਲਾਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਸ਼ਕਤੀ ਵਿਹਾਰ, ਬਾਬਾ ਫਰੀਦ ਨਗਰ, ਨੈਸ਼ਨਲ ਕਲੋਨੀ,ਹਜੂਰਾ ਕਪੂਰਾ ਕਲੋਨੀ, ਬੈਂਕ ਕਲੋਨੀ, ਪੂੱਡਾ ਫੇਸ 4, ਪੂੱਡਾ ਫੇਸ 5, ਗਰੀਨ ਸਿਟੀ, ਢਿੱਲੋਂ ਕਲੋਨੀ ਅਤੇ ਹੋਰ ਨਾਲ ਲਗਦੇ ਮੁਹੱਲਿਆਂ ਦੀ 50 ਹਜ਼ਾਰ ਆਬਾਦੀ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਚ ਵਿਕਾਸ ਦੇ ਕੰਮਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਮਨਪ੍ਰੀਤ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸਮਾਗਮ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ।
ਇਸ ਮੌਕੇ ਮਨਪ੍ਰੀਤ ਬਾਦਲ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਤੇ ਆਜ਼ਾਦੀ ਸੰਗਰਾਮ ਵਿਚ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਨਮਨ ਕੀਤਾ।