ਟਾਂਡਾ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ

Global Team
3 Min Read

ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਟਾਂਡਾ ਥਾਣੇ ਦੇ ਸਾਬਕਾ ਥਾਣਾ ਮੁਖੀ (ਐੱਸ.ਐੱਚ.ਓ.) ਗੁਰਿੰਦਰਜੀਤ ਸਿੰਘ ਨਾਗਰਾ ਨੂੰ ਚਾਰ ਕਰੋੜ ਰੁਪਏ ਦੀ ਫ਼ਿਰੌਤੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਅਮਰੀਕੀ ਐੱਫ.ਬੀ.ਆਈ. (FBI) ਦੇ ‘ਓਪਰੇਸ਼ਨ ਹਾਰਡ ਬਾਲ’ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ।

ਜਾਂਚ ਏਜੰਸੀਆਂ ਮੁਤਾਬਕ ਨਾਗਰਾ ‘ਤੇ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਲੋਕਾਂ ਨਾਲ ਮਿਲ ਕੇ ਅਮਰੀਕਾ ਵਿੱਚ ਰਹਿ ਰਹੇ ਇੱਕ ਪਰਿਵਾਰ ਤੋਂ ਫ਼ਿਰੌਤੀ ਮੰਗਣ ਦਾ ਆਰੋਪ ਹੈ। ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਦੇ ਨਿਰਦੇਸ਼ਾਂ ‘ਤੇ ਜਾਂਚ ਪੂਰੀ ਹੋਣ ਤੋਂ ਬਾਅਦ ਨਾਗਰਾ ਖ਼ਿਲਾਫ਼ ਫ਼ਿਰੌਤੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਜਲੰਧਰ ਦੇ ਐੱਸ.ਪੀ. ਇਨਵੈਸਟੀਗੇਸ਼ਨ ਵਨੀਤ ਅਹਿਲਾਵਤ ਨੂੰ ਸੌਂਪੀ ਗਈ ਸੀ।

ਦੱਸ ਦਈਏ ਕਿ ਐੱਫ.ਬੀ.ਆਈ. ਵੱਲੋਂ ਚਲਾਏ ਗਏ ‘ਓਪਰੇਸ਼ਨ ਹਾਰਡ ਬਾਲ’ ਵਿੱਚ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਵਿੱਚ ਨਾਗਰਾ ਦਾ ਨਾਮ ਫ਼ਿਰੌਤੀ ਮੰਗਣ ਵਿੱਚ ਆਇਆ ਸੀ। ਡੀ.ਆਈ.ਜੀ. (DIG) ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰਕੇ ਐੱਸ.ਪੀ. (SP) ਵਿਨੀਤ ਅਹਿਲਾਵਤ ਨੂੰ ਜਾਂਚ ਸੌਂਪੀ ਸੀ।ਜਾਂਚ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਖ਼ਿਲਾਫ਼ ਐਕਸਟੌਰਸ਼ਨ ਅਤੇ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

10 ਜੁਲਾਈ ਨੂੰ ਅਮਰੀਕਾ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਜੁਆਇੰਟ ਆਪ੍ਰੇਸ਼ਨ ਵਿੱਚ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਗੈਂਗਸਟਰ ਨੈੱਟਵਰਕ ਦੀ ਜਾਂਚ ਕੀਤੀ। ਇਸੇ ਦੌਰਾਨ ਕੈਲੀਫੋਰਨੀਆ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਖ਼ਿਲਾਫ਼ ਚੱਲ ਰਹੀ ਜਾਂਚ ਵਿੱਚ ਇੱਕ ਭਾਰਤੀ ਪੁਲਿਸ ਅਧਿਕਾਰੀ ਦੇ ਨਾਮ ਦਾ ਜ਼ਿਕਰ ਸਾਹਮਣੇ ਆਇਆ।

ਅਮਰੀਕੀ ਏਜੰਸੀਆਂ ਨੇ ਆਰੋਪ ਲਾਇਆ ਸੀ ਕਿ ਪੰਜਾਬ ਦੇ ਇੱਕ ਐੱਸ.ਐੱਚ.ਓ. ਨੇ ਗੈਂਗ ਨੈੱਟਵਰਕ ਨਾਲ ਮਿਲ ਕੇ ਇੱਕ ਅਮਰੀਕੀ ਪਰਿਵਾਰ ਤੋਂ 4 ਲੱਖ ਡਾਲਰ ਦੀ ਕਥਿਤ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਨਾਮ ਗੁਰਿੰਦਰਜੀਤ ਸਿੰਘ ਨਾਗਰਾ ਹੈ। ਉਸ ਦੀ ਫੋਟੋ ਵੀ ਗੈਂਗਸਟਰਾਂ ਨਾਲ ਜਾਰੀ ਕੀਤੀ ਗਈ ਸੀ।

ਅਮਰੀਕਾ ਰਹਿ ਰਹੇ ਰਿਟਾਇਰਡ ਏ.ਐੱਸ.ਆਈ. (ASI) ਚਰਨਜੀਤ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ 15 ਜਨਵਰੀ 2026 ਦੀ ਸ਼ਾਮ ਕਰੀਬ 4 ਵਜੇ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਮਿਆਣੀ ਵਿੱਚ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ‘ਆਪ’ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਪੁਲਿਸ ਨੇ ਪਹਿਲਾਂ ਇਸ ਹੱਤਿਆਕਾਂਡ ਵਿੱਚ ਅਮਰੀਕਾ ਵਿੱਚ ਰਹਿ ਰਹੇ ਸੇਵਾਮੁਕਤ ਏ.ਐੱਸ.ਆਈ. ਚਰਨਜੀਤ ਸਿੰਘ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ, ਪਰ ਬਾਅਦ ਵਿੱਚ ਅਮਰੀਕੀ ਏਜੰਸੀਆਂ ਨੇ ਆਰੋਪ ਲਾਇਆ ਕਿ ਇਸੇ ਕੇਸ ਵਿੱਚ ਫਸਾਈ ਰੱਖਣ ਅਤੇ ਰਾਹਤ ਦਿਵਾਉਣ ਦੇ ਨਾਮ ‘ਤੇ ਉਨ੍ਹਾਂ ਦੇ ਪਰਿਵਾਰ ਤੋਂ 4 ਲੱਖ ਡਾਲਰ ਦੀ ਫ਼ਿਰੌਤੀ ਮੰਗੀ ਗਈ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਪੂਰੇ ਨੈੱਟਵਰਕ ਵਿੱਚ ਕੁਝ ਭਾਰਤੀ ਪੁਲਿਸ ਅਧਿਕਾਰੀਆਂ ਦੀ ਵੀ ਭੂਮਿਕਾ ਸੀ, ਜਿਸ ਵਿੱਚ ਉਸ ਸਮੇਂ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਮੁੱਖ ਤੌਰ ‘ਤੇ ਸ਼ਾਮਲ ਹੈ। ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਤੇਜ਼ ਹੋ ਗਈ ਹੈ।

Share This Article
Leave a Comment