ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮੋਗਾ ਸਕੈਂਡਲ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਬਕਾ SSP ਸਣੇ ਚਾਰ ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਯਾਦ ਰਹੇ ਕਿ ਇਹ ਮਾਮਲਾ 18 ਸਾਲ ਪੁਰਾਣਾ ਹੈ, ਜਿਸ ਵਿੱਚ ਅਦਾਲਤ ਨੇ ਸਾਬਕਾ SSP ਦਵਿੰਦਰ ਸਿੰਘ ਗਰਚਾ, ਸਾਬਕਾ SP (ਹੈਡਕੁਆਰਟਰ) ਪੀਐਸ ਸੰਧੂ, ਥਾਣੇਦਾਰ ਅਮਰੀਕ ਸਿੰਘ ਅਤੇ ਥਾਣੇਦਾਰ ਰਮਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਮਣ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਨਾਲ ਨਾਲ ਐਕਸਟੋਰਸ਼ਨ ਐਕਟ ਅਧੀਨ ਵੀ ਦੋਸ਼ੀ ਪਾਇਆ ਗਿਆ ਸੀ।
ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਅਦਾਲਤ ਦੇ ਫੈਸਲੇ ‘ਤੇ ਸੰਤੁਸ਼ਟੀ ਜਤਾਈ ਅਤੇ ਇਸ ਨੂੰ ਇਨਸਾਫ਼ ਦੀ ਜਿੱਤ ਕਰਾਰ ਦਿੱਤਾ।
29 ਮਾਰਚ ਨੂੰ ਅਦਾਲਤ ਨੇ ਅਕਾਲੀ ਆਗੂ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਉਰਫ ਮੱਖਣ ਬਰਾੜ ਅਤੇ ਸੁਖਰਾਜ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।
ਸੀਬੀਆਈ ਅਦਾਲਤ ਨੇ ਦਵਿੰਦਰ ਸਿੰਘ ਗਰਚਾ ਅਤੇ ਪੀਐਸ ਸੰਧੂ ਨੂੰ ਪੀਸੀ ਐਕਟ ਦੀ ਧਾਰਾ 13(1)(ਡੀ) ਅਤੇ 13(2) ਅਧੀਨ ਦੋਸ਼ੀ ਪਾਇਆ। ਰਮਣ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਅਤੇ IPC ਦੀ ਧਾਰਾ 384 ਹੇਠ ਦੋਸ਼ੀ ਕਰਾਰ ਦਿੱਤਾ ਗਿਆ। ਅਮਰਜੀਤ ਸਿੰਘ ਨੂੰ IPC ਦੀ ਧਾਰਾ 511 ਹੇਠ ਵੀ ਦੋਸ਼ੀ ਠਹਿਰਾਇਆ ਗਿਆ।
ਮਾਮਲਾ 2007 ਦਾ ਹੈ ਜਦੋਂ ਮਨਜੀਤ ਕੌਰ, ਉਸ ਦੇ ਪਤੀ ਅਤੇ ਦੋ ਨਾਬਾਲਗ ਲੜਕੀਆਂ ਨੂੰ ਗਿਰਫ਼ਤਾਰ ਕੀਤਾ ਗਿਆ। 2013 ਵਿੱਚ ਮਨਜੀਤ ਕੌਰ ਜਮਾਨਤ ‘ਤੇ ਰਿਹਾ ਹੋਣ ‘ਤੇ ਸਰਕਾਰੀ ਗਵਾਹ ਬਣੀ, ਪਰ 2018 ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।
ਜਿਸ ਮਾਮਲੇ ਵਿਚ ਦੋਸ਼ੀਆਂ ਵੱਲੋਂ ਇਕ ਬਿਜ਼ਨਸਮੈਨ ਨੂੰ ਪਰਚੇ ਵਿੱਚ ਨਾਮਜਦ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਲਈ ਗਈ ਸੀ। ਬਾਅਦ ਵਿੱਚ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਰਾਹੀਂ ਸੀਬੀਆਈ ਦੇ ਹਵਾਲੇ ਕੀਤਾ ਗਿਆ।