ਨਵੀਂ ਦਿੱਲੀ : ਦਿੱਲੀ ਅੰਦਰ ਬੀਤੇ ਦਿਨੀਂ ਨਾਗਰਿਕਤਾ ਸੋਧ ਕਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਹੋਈਆਂ ਹਿੰਸਕ ਝੜੱਪਾਂ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੇ ਚਲਦਿਆਂ ਪਤਾ ਲੱਗਾ ਹੈ ਕਿ ਕਾਂਗਰਸ ਦੀ ਸਾਬਕਾ ਨਿਗਮ ਕੌਂਸਲਰ ਇਸ਼ਰਤ ਜਹਾਂ ਨੂੰ ਦਿੱਲੀ ਅੰਦਰ ਹਿੰਸਾ ਭੜਕਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਪਤਾ ਇਹ ਵੀ ਲੱਗਾ ਹੈ ਕਿ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ਼ਰਤ ਜਹਾਂ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਖੁਰੇਜੀ ਇਲਾਕੇ ‘ਚ ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ। ਇਸ ਦੇ ਚਲਦਿਆਂ ਇਸ ਇਲਾਕੇ ਅੰਦਰ ਇੱਕ ਰੋੜ ਜਾਮ ਕਰਨ ਦੇ ਮਾਮਲੇ ‘ਚ ਵੀ ਇਸ਼ਰਤ ਜਹਾਂ ਦਾ ਨਾਮ ਆਇਆ ਸੀ। ਦੱਸਣਯੋਗ ਹੈ ਕਿ ਇਨ੍ਹਾਂ ਘਟਨਾਵਾਂ ਦੌਰਾਨ 42 ਲੋਕਾਂ ਦੀ ਮੌਤ ਹੋਈ ਹੈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ।