ਨਿਊਜ਼ ਡੈਸਕ: ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਹੋਵੇਗੀ ਅਜਿਹਾ ਕਈ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ। ਅਜਿਹੇ ਖਤਰੇ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਲਗਾਂ ਦੇ ਨਾਲ- ਨਾਲ ਬੱਚਿਆਂ ਦੀ ਸੁਰੱਖਿਆ ‘ਤੇ ਵੀ ਵਿਸ਼ੇਸ਼ ਧਿਆਨ ਦਈਏ। ਵਿਸ਼ਵ ਸਿਹਤ ਸੰਗਠਨ ਨੇ ਕੁਝ ਅਜਿਹੇ ਤਰੀਕੇ ਦੱਸੇ ਹਨ, ਜਿਨ੍ਹਾਂ ਨੂੰ ਅਪਣਾ ਕੇ ਬੱਚਿਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
6 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਪਹਿਨਾਓ ਮਾਸਕ
ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈੱਫ ਦਾ ਕਹਿਣਾ ਹੈ ਕਿ 6 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਮਾਸਕ ਪਹਿਨਾਉਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਜਿਸ ਖੇਤਰ ਵਿੱਚ ਰਹਿ ਰਹੇ ਹਨ, ਉੱਥੇ ਸੰਕਰਮਣ ਦੀ ਸਥਿਤੀ ਕੀ ਹੈ। ਇਸ ਦੇ ਨਾਲ ਹੀ ਯਾਦ ਰੱਖੋ ਕਿ 2 ਸਾਲ ਤੋਂ ਛੋਟੇ ਬੱਚੇ ਨੂੰ ਮਾਸਕ ਨਾ ਪਹਿਨਾਓ। ਬੱਚਿਆਂ ਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਪਾਓ ਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਨਸਿੰਗ ਬਾਰੇ ਜਾਣਕਾਰੀ ਦਿੱਤੀ ਜਾਵੇ।
ਹੇਂਠ ਲਿਖੇ ਲੱਛਣ ਨਜ਼ਰ ਆਉਣ ‘ਤੇ ਹੋ ਜਾਓ ਸਾਵਧਾਨ
-ਬੱਚੇ ਨੂੰ ਇਕ ਦੋ ਦਿਨ ਤੋਂ ਜ਼ਿਆਦਾ ਬੁਖਾਰ ਰਹੇ
-ਜੇਕਰ ਬੱਚੇ ਦੇ ਸਰੀਰ ਅਤੇ ਪੈਰਾਂ ‘ਤੇ ਲਾਲ ਧੱਫੜ ਹੋ ਜਾਣ
-ਜੇਕਰ ਬੱਚੇ ਦੇ ਚਿਹਰੇ ਦਾ ਰੰਗ ਨੀਲਾ ਲੱਗੇ
-ਬੱਚੇ ਨੂੰ ਉਲਟੀ ਜਾਂ ਦਸਤ ਦੀ ਸਮੱਸਿਆ ਹੋਵੇ
-ਜੇਕਰ ਬੱਚੇ ਦੇ ਹੱਥਾਂ ਪੈਰਾਂ ਵਿੱਚ ਸੋਜ ਆਉਣ ਲੱਗੇ
ਹੇਂਠ ਲਿਖੇ ਤਰੀਕੇ ਅਪਣਾ ਕੇ ਬੱਚਿਆਂ ਦਾ ਕਰੋ ਬਚਾਅ:
-ਫੇਫੜੇ ਮਜ਼ਬੂਤ ਬਣਾਉਣ ਲਈ ਬੱਚਿਆਂ ਨੂੰ ਗੁਬਾਰੇ ਫਲਾਉਣ ਲਈ ਦਵੋ
-ਬੱਚਿਆਂ ਨੂੰ ਪੀਣ ਲਈ ਕੋਸਾ ਪਾਣੀ ਦਵੋ, ਇਸ ਨਾਲ ਸੰਕਰਮਣ ਦਾ ਖਤਰਾ ਘੱਟ ਹੋਵੇਗਾ
-ਜੇਕਰ ਬੱਚਾ ਥੋੜ੍ਹਾ ਵੱਡਾ ਹੈ ਤਾਂ ਉਸ ਨੂੰ ਸਾਹ ਵਾਲੀ ਐਕਸਰਸਾਈਜ਼ ਕਰਵਾਓ
-ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਖੱਟੇ ਫਲ ਖਾਣ ਲਈ ਦਵੋ
-ਬੱਚਿਆਂ ਨੂੰ ਬੈਕਟੀਰੀਅਲ ਇਨਫੈਕਸ਼ਨ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ਲਈ ਹਲਦੀ ਵਾਲਾ ਦੁੱਧ ਦਿਓ
-ਬੱਚਿਆਂ ਨੂੰ ਇਸ ਬਿਮਾਰੀ ਸਬੰਧੀ ਹੋਰ ਸਾਵਧਾਨੀਆਂ ਬਾਰੇ ਸਮਝਾਓ ਨਾਂ ਕਿ ਉਨ੍ਹਾਂ ਦੇ ਮਨ ‘ਚ ਡਰ ਪੈਦਾ ਕਰੋ
ਨਵਜੰਮੇ ਬੱਚੇ ਦੀ ਸੁਰੱਖਿਆ
ਨਵਜੰਮੇ ਬੱਚਿਆਂ ਨੂੰ ਜ਼ਿਆਦਾ ਲੋਕਾਂ ਦੇ ਸੰਪਰਕ ‘ਚ ਆਉਣ ਤੋਂ ਰੋਕਣਾ ਚਾਹੀਦਾ ਹੈ। ਬੱਚੇ ਨੂੰ ਜਿੰਨੇ ਘੱਟ ਲੋਕ ਹੱਥਾਂ ‘ਚ ਲੈਣਗੇ ਓਨਾ ਹੀ ਚੰਗਾ ਹੋਵੇਗਾ। ਮਾਂ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੇ। ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਵੀ ਮਾਂ ਮਾਸਕ ਜ਼ਰੂਰ ਪਹਿਨੇ ਤਾਂ ਕਿ ਉਸ ਨੂੰ ਇਨਫੈਕਟਿਡ ਹੋਣ ਤੋਂ ਬਚਾਇਆ ਜਾ ਸਕੇ।