ਹੜ੍ਹ ਵਰਦਾਨ ਬਣ ਕੇ ਆਏ ਹਨ ਇਸ ਪਰਿਵਾਰ ਲਈ, ਲੋਕਾਂ ਨੇ ਵਰ੍ਹਾ-ਤਾ ਨੋਟਾਂ ਦਾ ਮੀਂਹ, ਬੱਬੂ ਮਾਨ ਵੀ ਆਏ ਭਾਰੀ ਮਦਦ ਲੈ ਕੇ ਅੱਗੇ

TeamGlobalPunjab
2 Min Read

ਰੂਪਨਗਰ : ਬੀਤੇ ਦਿਨੀਂ ਸੂਬੇ ਅੰਦਰ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ‘ਚ ਆਏ ਹੜ੍ਹਾਂ ਨੇ ਜਿੱਥੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਉੱਥੇ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇੱਕ ਪਰਿਵਾਰ ਲਈ ਇਹੀਓ ਹੜ੍ਹ ਇੱਕ ਵੱਡੀ ਰਾਹਤ ਲੈ ਕੇ ਆਇਆ। ਜੀ ਹਾਂ ਰਾਹਤ, ਤੇ ਇਹ ਗੱਲ ਬਿਲਕੁਲ ਸੱਚ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦਾ ਇਕ ਪਰਿਵਾਰ ਜੋ ਬੇਹੱਦ ਗਰੀਬ ਸੀ ਅਤੇ ਪਰਿਵਾਰ ਨੂੰ ਪਾਲਣ ਵਾਲਾ ਕੋਈ ਨਹੀਂ ਸੀ। ਉਂਝ ਤਾਂ ਭਾਵੇਂ ਇਸ ਪਰਿਵਾਰ ਵਿੱਚ ਦੋ ਨੌਜਵਾਨ ਪੁੱਤਰ ਵੀ ਹਨ ਪਰ ਬਚਪਨ ਵਿੱਚ ਕੁਝ ਅਜਿਹਾ ਭਾਣਾ ਵਾਪਰਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਇਹ ਗਰੀਬ ਪਰਿਵਾਰ  ਹੁਣ ਜਦੋਂ ਹੜ੍ਹਾਂ ਦੌਰਾਨ ਮੰਦੇ ਹਾਲ ਵਿੱਚ ਲੋਕਾਂ ਦੀ ਨਜ਼ਰੀਂ ਚੜਿਆ ਤਾਂ ਉਨ੍ਹਾਂ ਨੇ ਆਪੋ ਆਪਣੇ ਤੌਰ ‘ਤੇ ਇਸ ਪਰਿਵਾਰ ਦੀ ਮਦਦ ਲਈ ਅਪੀਲ ਕਰਨੀ ਸ਼ੁਰੂ ਕਰ ਦਿੱਤੀ। ਇਹ ਅਪੀਲ ਜਿੱਥੇ ਸਰਕਾਰ ਦੇ ਕੰਨੀ ਪਈ ਉੱਥੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮਕਾਰ ਬੱਬੂ ਮਾਨ ਨੂੰ ਜਦੋਂ ਇਸ ਪਰਿਵਾਰ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਵਾਂ ਨੇਤਰਹੀਨ ਨੌਜਵਾਨਾਂ ਦਾ ਆਪਣੇ ਕੋਲੋਂ ਇਲਾਜ਼ ਕਰਵਾਉਣ ਦਾ ਐਲਾਣ ਕੀਤਾ।

ਦੱਸ ਦਈਏ ਕਿ ਇਸ ਪਰਿਵਾਰ ਦਾ ਪਾਲਣ ਪੋਸ਼ਣ ਇਕੱਲੀ ਇਨ੍ਹਾਂ ਨੇਤਰਹੀਣਾਂ ਦੀ ਮਾਂ ਕਰਦੀ ਹੈ ਤੇ ਉਸ ਦੇ ਇਨ੍ਹਾਂ ਦੋਵਾਂ ਪੁੱਤਰਾਂ ਦੀ ਉਮਰ 22 ਸਾਲ ਅਤੇ 17 ਸਾਲ ਦੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੌਜਵਾਨਾਂ ਦੀ 11 ਸਾਲ ਦੀ ਉਮਰ ‘ਚ  ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇੱਥੇ ਹੀ ਬੱਸ ਨਹੀਂ ਇਸ ਮਾੜੇ ਸਮੇਂ ਦੌਰਾਨ ਬੱਚਿਆਂ ਦਾ ਨਸ਼ੇੜੀ ਪਿਤਾ ਵੀ ਇਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ।

ਬੀਤੇ ਦਿਨੀਂ ਜਦੋਂ ਹੜ੍ਹ ਪੀੜਤਾਂ ਦੀ ਮਦਦ ਲਈ ਅਪੀਲ ਕਰਦਿਆਂ ਲੋਕਾਂ ਦੀ ਨਜ਼ਰ ਇਸ ਪਰਿਵਾਰ ‘ਤੇ ਪਈ ਤਾਂ ਉਨ੍ਹਾਂ ਮਦਦ ਲਈ ਹੋਰਾਂ ਨੂੰ ਅੱਗੇ ਆਉਣ ਲਈ ਕਿਹਾ। ਇਹ ਗੱਲ ਬੱਬੂ ਮਾਨ ਤੱਕ ਵੀ ਪਹੁੰਚੀ ਤੇ ਉਨ੍ਹਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮਦਦ ਦਾ ਐਲਾਨ ਕੀਤਾ ਹੈ। ਇੱਥੇ ਹੀ ਬੱਸ ਨਹੀਂ ਬੱਬੂ ਮਾਨ ਦੇ ਨਾਲ ਨਾਲ ਡਾ. ਚਰਨਜੀਤ ਚੰਨੀ (ਕੈਬਨਿਟ ਮੰਤਰੀ ਨਹੀਂ) ਨੇ ਵੀ ਇਸ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਐਲਾਨ ਕੀਤਾ ਹੈ।

Share This Article
Leave a Comment