ਚੰਡੀਗ੍ਹ: ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜਾਂ ਨੇ ਨਾ ਸਿਰਫ਼ ਫਸਲਾਂ ਨੂੰ ਬਰਬਾਦ ਕੀਤਾ, ਸਗੋਂ ਖੇਤੀਬਾੜੀ ਦੀ ਜੜ੍ਹ ਮਿੱਟੀ ਦੀ ਗੁਣਵੱਤਾ ਨੂੰ ਵੀ ਗੰਭੀਰ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਖੇਤਾਂ ਦੀ ਮਿੱਟੀ ਆਪਣਾ ਕੁਦਰਤੀ ਰੂਪ ਗੁਆ ਚੁੱਕੀ ਹੈ, ਜਿਸ ਦਾ ਸਿੱਧਾ ਅਸਰ ਅਗਲੀਆਂ ਫਸਲਾਂ ਦੇ ਉਤਪਾਦਨ ‘ਤੇ ਪਵੇਗਾ। ਇਹ ਚਿੰਤਾਜਨਕ ਹਾਲਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਕੀਤੇ ਗਏ ਅਧਿਐਨ ਨਾਲ ਸਾਹਮਣੇ ਆਏ ਹਨ।
ਪੀਏਯੂ ਦੀ ਰਿਪੋਰਟ ਵਿੱਚ ਖੁਲਾਸਾ
ਯੂਨੀਵਰਸਿਟੀ ਦੀ ਸਰਵੇ ਟੀਮ ਨੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫ਼ਾਜ਼ਿਲਕਾ ਅਤੇ ਪਟਿਆਲਾ ਦੇ ਹੜ੍ਹ -ਪ੍ਰਭਾਵਿਤ ਖੇਤਰਾਂ ਤੋਂ ਮਿੱਟੀ ਦੇ ਨਮੂਨੇ ਇਕੱਠੇ ਕਰਕੇ ਜਾਂਚੀ।
ਰਿਪੋਰਟ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਦੀ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ 0.75% ਤੋਂ ਵੀ ਘੱਟ ਰਹਿ ਗਈ ਹੈ, ਜਦਕਿ ਉਪਜਾਊ ਮਿੱਟੀ ਵਿੱਚ ਇਹ 1.0-1.2% ਹੋਣੀ ਚਾਹੀਦੀ ਹੈ। ਡਾ. ਹਰਮੀਤ ਗੋਸਲ ਅਨੁਸਾਰ, ਕਾਰਬਨ ਦੀ ਘਾਟ ਨਾਲ ਮਿੱਟੀ ਦੀ ਪਾਣੀ ਧਾਰਣ ਦੀ ਸਮਰੱਥਾ ਘਟ ਜਾਂਦੀ ਹੈ, ਉਹ ਜਲਦੀ ਸੁੱਕ ਜਾਂਦੀ ਹੈ ਅਤੇ ਫਸਲਾਂ ਨੂੰ ਪੋਸ਼ਣ ਨਹੀਂ ਮਿਲਦਾ, ਜਿਸ ਨਾਲ ਉਤਪਾਦਨ ਵਿੱਚ ਕਮੀ ਆਉਂਦੀ ਹੈ।
ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ, ਜਿਸ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਜ਼ਰੂਰੀ ਤੱਤ ਅਤੇ ਲਾਭਕਾਰੀ ਜੀਵਾਣੂ ਹੁੰਦੇ ਹਨ। ਇਸ ਨਾਲ ਮਿੱਟੀ ਦੀ ਬਣਤਰ ਅਤੇ ਪੋਸ਼ਣ ਸਮਰੱਥਾ ਦੋਵੇਂ ਪ੍ਰਭਾਵਿਤ ਹੋਏ ਹਨ।
ਮਿੱਟੀ ਸਖ਼ਤ ਹੋ ਗਈ ਹੈ, ਜਿਸ ਕਾਰਨ ਉਸ ਵਿੱਚ ਹਵਾ ਅਤੇ ਪਾਣੀ ਦਾ ਸੰਤੁਲਨ ਖਰਾਬ ਹੋ ਗਿਆ। ਇਹ ਬੀਜਾਂ ਦੇ ਪੁੰਗਰਣ, ਜੜ੍ਹਾਂ ਦੇ ਵਿਕਾਸ ਅਤੇ ਫਸਲਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਏਗਾ।
ਕਈ ਖੇਤਾਂ ਵਿੱਚ 4-6 ਇੰਚ ਮੋਟੀ ਰੇਤ ਅਤੇ ਗਾਦ ਜਮ ਗਈ ਹੈ, ਜਿਸ ਨਾਲ ਜੜ੍ਹਾਂ ਡੂੰਘਾਈ ਤੱਕ ਨਹੀਂ ਪਹੁੰਚ ਸਕਦੀਆਂ। ਰੇਤ ਦੀ ਵਧੇਰੇ ਮਾਤਰਾ ਨਾਲ ਪਾਣੀ ਲੰਮੇ ਸਮੇਂ ਤੱਕ ਨਹੀਂ ਰਹਿੰਦਾ।
ਅਜਿਹੀ ਮਿੱਟੀ ਵਿੱਚ ਕਣਕ ਜਾਂ ਸਰ੍ਹੋ ਦੀ ਬੀਜਾਈ ਔਖੀ ਹੋਵੇਗੀ। ਕਿਸਾਨਾਂ ਨੂੰ ਟਰੈਕਟਰ ਨਾਲ ਬਾਰ-ਬਾਰ ਜੁਤਾਈ ਕਰਨੀ ਪਵੇਗਾ ਤਾਂ ਜੋ ਮਿੱਟੀ ਢਿੱਲੀ ਹੋਣ ਕਾਰਨ ਹਵਾ-ਨਮੀ ਦਾ ਸੰਤੁਲਨ ਬਣੇ।
ਮਾਹਰਾਂ ਅਨੁਸਾਰ, ਹੜ੍ਹਾਂ ਨਾਲ ਰੁੜ ਕੇ ਆਈ ਰੇਤ ਨੇ ਉਪਜਾਊ ਮਿੱਟੀ ਦੀ ਉੱਪਰੀ ਪਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਜਿਸ ਨਾਲ ਅਗਲੇ ਸੀਜ਼ਨ ਦੀਆਂ ਫਸਲਾਂ ਨੂੰ ਗੰਭੀਰ ਨੁਕਸਾਨ ਹੋਣ ਦਾ ਡਰ ਹੈ।