ਬਿੰਦੂ ਸਿੰਘ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤਿੰਨ ਦਿਨਾਂ ਵਿਧਾਨ ਸਭਾ ਇਜਲਾਸ ਅੱਜ ਖ਼ਤਮ ਹੋ ਗਿਆ ਹੈ ਤੇ ਹਾਊਸ ਨੂੰ ਅਣਮਿੱਥੇ ਸਮੇਂ ਤੱਕ ਚੁੱਕ ਦਿੱਤਾ ਗਿਆ ਹੈ।
ਸਵੇਰੇ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪਿਛਲੇ ਇਜਲਾਸ ਤੋਂ ਬਾਅਦ ਵਿਛੜ ਚੁੱਕੀਆਂ ਉੱਘੀਆਂ ਸ਼ਖਸੀਅਤਾਂ , ਅਜ਼ਾਦੀ ਘੁਲਾਟੀਆਂ , ਸ਼ਹੀਦ ਸੈਨਿਕਾਂ ਤੋਂ ਇਲਾਵਾ ਸਿਆਸੀ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। 16ਵੀਂ ਵਿਧਾਨ ਸਭਾ ਦੇ ਪਲੇਠੀ ਇਜਲਾਸ ਵਿੱਚ ਸਾਬਕਾ ਰਾਜਪਾਲ ਜਨਰਲ ਸੁਨੀਥ ਫ੍ਰਾਂਸਸਿਸ ਰੌਡਰਿਗਜ਼ , ਸਾਬਕਾ ਰਾਜ ਮੰਤਰੀ ਰਮੇਸ਼ ਦੱਤ ਸ਼ਰਮਾ , ਸਾਬਕਾ ਵਿਧਾਇਕ ਸੰਤ ਅਜੀਤ ਸਿੰਘ , ਸਾਬਕਾ ਵਿਧਾਇਕ ਤੇ ਸੁਤੰਤਰਤਾ ਸੰਗਰਾਮੀ ਹਰਬੰਸ ਸਿੰਘ ਅਤੇ ਅਥਲੀਟ ਪ੍ਰਵੀਨ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ। ਸਦਨ ਦੇ ਬ੍ਰਿਗੇਡੀਅਰ ਐਲ ਐਸ ਲਿੱਧੜ ਜੋ ਆਈ ਏ ਐਫ ਦਾ ਜਹਾਜ ਹਾਦਸੇ ਕਾਰਨ ਬਿਪਨ ਰਾਵਤ ਅਤੇ ਹੋਰ ਸੀਨੀਅਰ ਫੌਜੀ ਅਫ਼ਸਰਾਂ ਨਾਲ ਫੌਤ ਹੋ ਗਏ ਸਨ , ਅਸਾਮ ਵਿੱਚ ਸ਼ਹੀਦ ਹੋਏ ਧਰਮਿੰਦਰ ਕੁਮਾਰ ਤੋਂ ਇਲਾਵਾ ਪ੍ਰੇਮ ਬੱਲਭ , ਅਰਜਨ ਸਿੰਘ , ਮੋਹਨ ਸਿੰਘ , ਗੋਪਾਲ ਸਿੰਘ , ਮੇਲੋ ਦੇਵੀ , ਧਰਮ ਸਿੰਘ , ਜਰਨੈਲ ਸਿੰਘ ,ਸੁਖਦੇਵ ਸਿੰਘ, ਸਾਰੇ ਅਜ਼ਾਦੀ ਘੁਲਾਟੀਏ, ਇਨ੍ਹਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਰਾ ਦਾ ਨਾਂਅ ਵੀ ਵਿਛੜਿਆਂ ਸ਼ਖਸੀਅਤਾਂ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।
ਇਸ ਤੋਂ ਬਾਅਦ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਕੰਪਲੈਕਸ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ , ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਲਾਉਣ ਦਾ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਤੇ ਬੋਲਦਿਆਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਵੀ ਵਿਧਾਨ ਸਭਾ ਕੰਪਲੈਕਸ ਚ ਲਾਉਣ ਲਈ ਵੀ ਹਾਊਸ ਚ ਗੱਲ ਰੱਖੀ। ਇਨ੍ਹਾਂ ਤਿੰਨੋਂ ਮਹਾਨ ਸ਼ਖਸੀਅਤਾਂ ਦੇ ਬੁੱਤ ਲਾਉਣ ਦਾ ਮੱਤਾ ਪਾਸ ਕੀਤਾ ਗਿਆ। ਮੁੱਖਮੰਤਰੀ ਭਗਵੰਤ ਮਾਨ ਨੇ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ।
ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਤਿੰਨ ਮਹੀਨੇ 2022- 23 ਲਈ ਨਮਿੱਤਣ ( ਲੇਖਾ ਅਨੁਦਾਨ ) ਬਿੱਲ ਪੇਸ਼ ਕੀਤਾ ਗਿਆ। ਇਹ ਬਿੱਲ ਵਿੱਤਮੰਤਰੀ ਨੇ ਅਪ੍ਰੈਲ , ਮਈ ਅਤੇ ਜੂਨ 2022 ਇਨ੍ਹਾਂ ਤਿੰਨ ਮਹੀਨਿਆਂ ਲਈ ਪੇਸ਼ ਕੀਤਾ , ਜਿਸ ਦੀ ਰਕਮ 37120,23,76,000 ਰੁਪਏ ਨੂੰ ਲੈ ਕੇ ਮਤਾ ਸਦਨ ਸਾਹਮਣੇ ਪੇਸ਼ ਕੀਤਾ ਗਿਆ ਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਬਿੱਲ ਸਦਨ ਚ ਪੇਸ਼ ਕੀਤੇ ਗਏ ਜੋ ਸਰਬਸੰਮਤੀ ਨਾਲ ਪਾਸ ਹੋ ਗਏ।
ਵਿਧਾਨਸਭਾ ‘ਚ ਅੱਜ ਮੁੱਖ ਤੌਰ ਤੇ ਗਵਰਨਰ ਦੇ ਭਾਸ਼ਣ ਦੇ ਬਹਿਸ ਹੋਣੀ ਸੀ। ਪਰ ਸਦਨ ਦੇ ਲੀਡਰ ਭਗਵੰਤ ਸਿੰਘ ਮਾਨ ਨੇ ‘ਫਲੋਰ ਆਫ ਦੀ ਹਾਊਸ’ ਤੇ ਕਿਹਾ ਕਿ ਕਿਓਂਕਿ ਉਨ੍ਹਾਂ ਦੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਨਵੇਂ ਹਨ ਤੇ ਪਹਿਲੀ ਵਾਰੀ ਵਿਧਾਨਸਭਾ ‘ਚ ਪਹੁੰਚੇ ਹਨ ਇਸ ਕਰਕੇ ਉਨ੍ਹਾਂ ਨੂੰ ਪੜ੍ਹ ਕੇ ਆਉਣ ਦੀ ਲੋੜ ਹੈ। ਜਿਸ ਨੂੰ ਵੇਖਦੇ ਹੋਏ ਗਵਰਨਰ ਦੇ ਭਾਸ਼ਣ ਤੇ ਬਹਿਸ ਅਗਲੇ ਵਿਧਾਨ ਸਭਾ ਇਜਲਾਸ ਲਈ ਰੱਖ ਲਈ ਜਾਵੇ। ਵਿਧਾਨ ਸਭਾ ਦਾ ਸੈਸ਼ਨ ਲਾਈਵ ਪ੍ਰਸਾਰਿਤ ਕੀਤਾ ਗਿਆ ਤੇ ਨਾਲੇ ਸਦਨ ਦੇ ਨੇਤਾ ਭਗਵੰਤ ਮਾਨ ਨੇ ਅਗਲੇ ਸੈਸ਼ਨ ਦੀ ਮਿਆਦ ਵਧਾਉਣ ਦੀ ਵੀ ਗੱਲ ਕਹੀ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਦਾ ਸਦਨ ਬਿਨ੍ਹਾਂ ਵਿਰੋਧੀ ਧਿਰ ਦੇ ਲੀਡਰ ਨਾਲ ਚਲਾਇਆ ਗਿਆ ਹੋਵੇ। ਦਿੜ੍ਹਬਾ ਤੋਂ ‘ਆਪ’ ਦੇ ਵਿਧਾਇਕ ਅਤੇ ਵਿੱਤਮੰਤਰੀ ਹਰਪਾਲ ਸਿੰਘ ਚੀਮਾ 15ਵੀਂ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਲੀਡਰ ਸਨ। ਵਿਰੋਧੀ ਧਿਰ ਵਲੋਂ ਆਏ ਕੁਛ ਸੁਝਾਵਾਂ ਦੇ ਨਾਲ ਵਿਧਾਨਸਭਾ ਦੇ ਪਲੇਠੀ ਇਜਲਾਸ ਦੀ ਕਾਰਵਾਈ ਪੂਰੀ ਹੋ ਗਈ।