ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾ ਵਾਇਰਸ ਨੇ ਭਾਰਤ ‘ਚ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਲਏ ਹਨ। ਜਿਸ ਦੇ ਚੱਲਦਿਆਂ ਕਰਨਾਟਕ ‘ਚ ਇੱਕ 76 ਸਾਲਾ ਬਜ਼ੁਰਗ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 75 ਹੋ ਗਈ ਹੈ, ਜਿਨ੍ਹਾਂ ‘ਚੋਂ 17 ਵਿਦੇਸ਼ੀ ਨਾਗਰਿਕ ਹਨ।
ਦੱਸ ਦਈਏ ਕੇ ਪੀੜਤ ਵਿਅਕਤੀ 29 ਫਰਵਰੀ ਨੂੰ ਸਾਊਦੀ ਅਰਬ ਤੋਂ ਪਰਤਿਆ ਸੀ। 5 ਮਾਰਚ ਨੂੰ ਉਕਤ ਬਜ਼ੁਰਗ ਨੂੰ ਜ਼ਿਲੇ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੀਤੇ ਬੁੱਧਵਾਰ ਨੂੰ ਦੱਸਿਆ ਸੀ ਕਿ ਮਰਨ ਵਾਲੇ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਸੀ। ਵਿਭਾਗ ਦੇ ਅਧਿਕਾਰਤ ਨੋਟ ਚ ਮ੍ਰਿਤਕ ਦੀ ਪਛਾਣ ਮੁਹੰਮਦ ਹੁਸੈਨ ਸਿਦੀਕੀ ਵਜੋਂ ਹੋਈ ਹੈ, ਜਿਸ ਦੀ ਮੰਗਲਵਾਰ ਨੂੰ ਇਕ ਸਰਕਾਰੀ ਹਸਪਤਾਲ ਚ ਮੌਤ ਹੋ ਗਈ ਸੀ।
ਇਸ ਦੇ ਨਾਲ ਹੀ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਕੋਰੋਨਾ (COVID-19) ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ 31 ਮਾਰਚ ਤੱਕ ਸਾਰੇ ਸਿਨੇਮਾ ਹਾਲ, ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਮਹਾਮਾਰੀ ਐਕਟ 1897 ਦੇ ਤਹਿਤ ‘ਹਰਿਆਣਾ ਮਹਾਂਮਾਰੀ COVID-19 ਰੈਗੂਲੇਸ਼ਨ, 2020’ ਲਾਗੂ ਕੀਤਾ ਹੈ ਜੋ ਇਕ ਸਾਲ ਤੱਕ ਲਾਗੂ ਰਹੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਰਾਜ-ਅਧਾਰਤ ਰਿਪੋਰਟ ਜਾਰੀ ਕੀਤੀ। ਰਿਪੋਰਟ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਕੇਰਲ ਵਿੱਚ 17 , ਮਹਾਰਾਸ਼ਟਰ ਵਿੱਚ 14, ਯੂਪੀ ਵਿੱਚ 11, ਜਦੋਂ ਕਿ ਦਿੱਲੀ ਵਿੱਚ 6 ਕੇਸਾਂ ਦੀ ਪੁਸ਼ਟੀ ਹੋਈ ਹੈ।