ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਓਮਾ ਗੁਰਬਖਸ਼ ਸਿੰਘ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ ਯਾਦ ਕੀਤਾ

TeamGlobalPunjab
4 Min Read

ਮੋਹਾਲੀ ; ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਅਤੇ ਇਪਟਾ, ਪੰਜਾਬ ਦੀ ਮੁਢਲੀ ਕਾਰਕੁਨ ਓਮਾ ਗੁਰਬਖਸ਼ ਸਿੰਘ ਨੂੰ ਸਮਰਪਿਤ ਇਪਟਾ ਦੇ ਸਥਾਪਨਾ ਦਿਵਸ ਮੌਕੇ ਵੈਬੀਨਾਰ ਉਸ ਸਮੇਂ ਅੰਤਰਰਾਸ਼ਟਰੀ ਹੋ ਨਿਬੜਿਆ ਜਦੋਂ ਅਮਨ ਲਹਿਰ ਦੇ ਪਹਿਲੇ ਜਨਰਲ ਸਕੱਤਰ ਅਤੇ ਇਪਟਾ, ਪੰਜਾਬ ਦੇ ਬਾਨੀ ਕਾਰਕੁਨ ਸਵਰਗੀ ਨਿਰੰਜਣ ਮਾਨ ਹੋਰਾਂ ਦੀ ਜੀਵਨ ਸਾਥਣ ਤੇ ਰੰਗਮੰਚੀ ਸਫ਼ਰ ਦੀ ਹਮਰਾਹ ਡਾ.ਰਾਜਵੰਤ ਕੋਰ ਮਾਨ ‘ਪ੍ਰੀਤ” ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਓਮਾ ਗੁਰਬਖਸ਼ ਸਿੰਘ ਹੋਰਾਂ ਨਾਲ ਆਪਣੀਆਂ ਰੰਗਮੰਚੀ, ਸਭਿਆਚਾਰਕ ਤੇ ਨਿਜੀ ਯਾਦਾਂ ਸਾਂਝੀਆਂ ਕਰਦੇ ਕਿਹਾ ਕਿ 1939 ਤੋਂ ਲੈ ਕੇ ਆਖ਼ਰੀ ਸਾਹਾਂ ਤੱਕ ਓਮਾ ਭੈਣ ਜੀ ਰੰਗਮੰਚ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹੇ। ਉਹ ਰਹਿੰਦੇ ਸਮੇ ਤੱਕ ਹਰ ਅਭਿਨੇਤਰੀ ਲਈ ਮਿਸਾਲ ਬਣੇ ਰਹਿਣਗੇ।

ਇਪਟਾ ਦੇ ਮੁਢਲੇ ਕਾਰਕੁਨ ਸਵਰਣ ਸਿੰਘ ਸੰਧੂ ਦੀ ਮੁੱਖ ਮਹਿਮਾਨ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਗੁਰਚਰਨ ਸਿੰਘ ਬੋਪਾਰਾਏ ਦੀ ਵਿਸ਼ੇਸ਼ ਮਹਿਮਾਨ ਵੱਜੋ ਸ਼ਮੂਲੀਅਤ ਤੇ ਨਾਟਕਕਾਰ, ਨਾਟ-ਨਿਰਦੇਸ਼ਕ ਦਵਿੰਦਰ ਦਮਨ ਹੋਰਾਂ ਦੀ ਪ੍ਰਧਾਨਗੀ ਵਿਚ ਹੋਏ ਵੈਬੀਨਾਰ ਵਿਚ “ਇਪਟਾ ਦੀ ਸਭਿਆਚਾਰਕ ਤੇ ਸਾਮਜਿਕ ਦੇਣ” ਅਤੇ “ਕੋਰੋਨਾ ਤੋਂ ਮਗਰੋਂ ਦੀਆਂ ਸਭਿਆਚਾਰਕ ਤੇ ਸਮਾਜਿਕ ਸਥਿਤੀਆਂ ਤੇ ਪ੍ਰਸਥਿਤੀ” ਬਾਰੇ ਚਰਚਾ ਹੋਈ। ਇਪਟਾ ਦੀਆਂ ਚਾਰ ਪੀੜੀਆਂ ਦੀ ਸ਼ਮੂਲੀਅਤ ਵਾਲੇ ਡੇਢ ਘੰਟੇ ਦੇ ਕਰੀਬ ਚੱਲੇ ਵੈਬੀਨਾਰ ਵਿਚ ਮੁੱਖ ਬੁਲਾਰੇ ਵੱਜੋਂ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸ਼ਾਮਿਲ ਹੁੰਦੇ ਕਿਹਾ ਕਿ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਜੋ 77 ਸਾਲ ਪਹਿਲਾਂ 25 ਮਈ 1943 ਨੂੰ ਹੌਂਦ ਵਿਚ ਆਈ।ਇਸ ਦੇ ਪਹਿਲੇ ਪ੍ਰਧਾਨ ਐਚ. ਐਮ. ਜੋਸ਼ੀ ਸਨ।ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ।

ਦੂਸਰੇ ਬੁਲਾਰੇ ਸੰਜੀਵਨ ਸਿੰਘ, ਪ੍ਰਧਾਨ ਇਪਟਾ, ਪੰਜਾਬ ਨੇ ਕਿਹਾ ਕਿ ਇਪਟਾ ਦੇ ਮੁੱਢਲੇ ਦੌਰ ਵਿਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸਿਆਂ ਪ੍ਰੀਤ ਨਗਰ ਵਿਖੇ ਸੀ। ਉਨਾਂ ਦੇ ਘਰ ਦੇ ਦਰ ਇਪਟਾ ਦੇ ਕਾਰਕੁਨਾ ਲਈ ਨਾਟਕੀ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਖੁੱਲਾ ਰਹਿੰਦਾ ਸੀ।

ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਸਵਰਣ ਸਿੰਘ ਸੰਧੂ ਤੇ ਗੁਰਚਰਨ ਸਿੰਘ ਬੋਪਾਰਾਏ, ਇਪਟਾ, ਪੰਜਾਬ ਤੇ ਚੰਡੀਗੜ੍ਹ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਤੇ ਕੰਵਲਨੈਨ ਸਿੰਘ ਸੇਖੋਂ, ਗੁਰਮੀਤ ਪਾਹੜਾ, ਰੰਜੀਵਨ ਸਿੰਘ ਨੇ ਆਪਣੇ ਵਿਚਾਰ ਵਿਅਕਤ ਕਰਦੇ ਕਿਹਾ ਕਿ ਕਿ ਭਾਰਤੀ ਸਭਿਆਚਾਰਕ, ਰੰਗਮੰਚੀ, ਸਮਾਜਿਕ ਦ੍ਰਿਸ਼ ਵਿਚ ਇਪਟਾ ਦੀ ਭੂਮਿਕਾ ਤੇ ਦੇਣ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਕੋਰੋਨਾ ਤੋਂ ਮਗਰੋਂ ਵੀ ਸਭਿਆਚਾਰਕ,ਰੰਗਮੰਚੀ, ਸਮਾਜਿਕ ਸਥਿਤੀਆਂ ਤੇ ਪ੍ਰਸਥਿਤੀ ਵਿਚ ਵੀ ਜ਼ਿਕਰਯੋਗ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ।

- Advertisement -

ਨਾਟਕਕਾਰ ਤੇ ਨਾਟ-ਨਿਰਦੇਸ਼ਕ ਦਵਿੰਦਰ ਦਮਨ ਹੋਰਾਂ ਆਪਣੇ ਪ੍ਰਧਾਨਗੀ ਸਬਦਾਂ ਵਿਚ ਕਿਹਾ ਕਿ ਇਪਟਾ ਨੂੰ ਸਾਇੰਸ ਦੇ ਵਿਗਿਆਨ ਦੇ ਯੁਗ ਨਾਲ ਜੁੜਣ ਲਈ ਗੰਭੀਰ ਯਤਨ ਕਰਨੇ ਪੈਣਗੇ।ਸਾਨੂੰ ਨਾ ਕੇਵਲ ਇਪਟਾ ਦੇ ਕਾਰਕੁਨਾਂ ਬਲਕਿ ਹਰ ਉਸ ਰੰਗਕਰਮੀ ਤੇ ਕਲਾਕਾਰ ਦੀ ਮਦਦ ਲਈ ਉਪਰਾਲੇ ਕਰਨੇ ਚਾਹੀਦੇ ਹਨ ਜੋ ਕੋਰੋਨਾ ਕਰਕੇ ਮੰਦਹਾਲੀ ਦਾ ਸ਼ਿਕਾਰ ਹੈ। ਵੈਬੀਨਾਰ ਦੀ ਕਾਰਵਾਈ ਨਾਟ-ਕਰਮੀ ਰਾਬਿੰਦਰ ਸਿੰਘ ਰੱਬੀ ਨੇ ਚਲਾਈ ਸਨ।ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ੍ਰੀ ਦਿਲਬਾਰਾ ਸਿੰਘ, ਸੰਜੀਵ ਦੀਵਾਨ, ਰੂਪਕ ਬਾਤਿਸ਼, ਰੋਹਿਤ ਸੂਦ, ਮਨਦੀਪ ਰਿੰਪੀ, ਸੋਨੀਆ ਸੂਦ, ਚਰੀਕੇਸ਼, ਬਲਜਿੰਦਰ ਸਿੰਘ, ਰਕੇਸ਼ ਸੋਨੀਕਾ, ਰਕੇਸ਼ ਭੰਡਾਰੀ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਹੈਪੀ ਬਠਿਡਾ, ਪੰਮੀ ਸੰਧੂ, ਵਰੁਨ ਨਾਰੰਗ, ਅਮਰਜੀਤ, ਸੰਜੀਵ ਧਰਮੀ ਸਮੇਤ ਪੰਜਾਬ ਭਰ ਤੋਂ ਤਿੰਨ ਦਰਜਨ ਦੇ ਕਰੀਬ ਇਪਟਾ ਦੇ ਕਾਰਕੁਨਾਂ, ਨਾਟ-ਕਰਮੀਆਂ ਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ।

Share this Article
Leave a comment