ਕੈਲੀਫੋਰਨੀਆ : ਅਮਰੀਕੀ ਸ਼ਹਿਰ ਲਾਸ ਏਂਜਲਸ ਵਿੱਚ ਲੱਗੀ ਅੱਗ ‘ਤੇ ਹਾਲੇ ਤੱਕ ਕਾਬੂ ਨਹੀਂ ਪਾਇਅ ਜਾ ਸਕਿਆ। ਕਈ ਇਲਾਕੇ ਧੁਹ-ਧੁਹ ਕੇ ਸੜ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਹਨ। ਇਸ ਤੋਂ ਇਲਾਵਾ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ ਜਦੋਂ ਕਿ ਦਰਜਨਾਂ ਲੋਕ ਜ਼ਖ਼ਮੀ ਹਨ। ਹੁਣ ਤੱਕ 12,300 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ, 150 ਬਿਲੀਅਨ ਡਾਲਰ ਤੋਂ ਵੱਧ ਦੇ ਨੁਕਸਾਨ ਦਾ ਅਨੁਮਾਨ ਹੈ।
ਲਾਸ ਏਂਜਲਸ ਦੇ ਪੈਲੀਸੇਡਸ ਇਲਾਕੇ ਨੂੰ ਅੱਗ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜੰਗਲ ਦੇ ਕਿਨਾਰੇ ਇਸ ਇਲਾਕੇ ਵਿੱਚ 7 ਜਨਵਰੀ ਨੂੰ ਅੱਗ ਲੱਗ ਗਈ ਸੀ, ਜੋ ਅਜੇ ਤੱਕ ਬੁਝਾਈ ਨਹੀਂ ਜਾ ਸਕੀ। ਇਸ ਖੇਤਰ ਵਿੱਚ 23,713 ਏਕੜ (96 ਵਰਗ ਕਿਲੋਮੀਟਰ) ਜ਼ਮੀਨ ਅੱਗ ਦੀ ਲਪੇਟ ਵਿੱਚ ਆ ਗਈ ਹੈ। ਹੁਣ ਜਦੋਂ ਹਵਾ ਦੀ ਗਤੀ ਘੱਟ ਰਹੀ ਹੈ, ਇਹ ਮੰਨਿਆ ਜਾ ਰਿਹਾ ਹੈ ਕਿ ਹਫ਼ਤੇ ਦੇ ਅੰਤ ਤੱਕ ਅੱਗ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਜਾਵੇਗਾ। ਜਦੋਂ ਕਿ ਈਟਨ ਖੇਤਰ ਦਾ 14,117 ਏਕੜ (57 ਵਰਗ ਕਿਲੋਮੀਟਰ) ਅੱਗ ਦੀ ਲਪੇਟ ਵਿੱਚ ਹੈ। ਪ੍ਰਭਾਵਿਤ ਖੇਤਰ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਅੱਗ ਬੁਝਾ ਦਿੱਤੀ ਗਈ ਹੈ।
ਅਮਰੀਕੀ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਹਵਾ ਦੀ ਗਤੀ ਵਿੱਚ ਵਾਧੇ ਵਾਂਗ, 20 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਹੈ। ਜੇ ਸੋਮਵਾਰ-ਮੰਗਲਵਾਰ ਨੂੰ ਕੈਲੀਫੋਰਨੀਆ ਵਿੱਚ ਹਵਾ ਦੀ ਗਤੀ ਵਧਦੀ ਹੈ ਤਾਂ ਅੱਗ ਲੱਗਣ ਦਾ ਖ਼ਤਰਾ ਇੱਕ ਵਾਰ ਫਿਰ ਵਧ ਜਾਵੇਗਾ। ਪਰ ਉਸ ਸਥਿਤੀ ਵਿੱਚ ਅਜੇ ਵੀ ਤਿੰਨ ਦਿਨ ਬਾਕੀ ਹਨ, ਇੱਕ ਅਜਿਹਾ ਸਮਾਂ ਜਿਸ ਵਿੱਚ ਈਟਨ ਵਿੱਚ ਲੱਗੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ ਅਤੇ ਅੱਗ ਦੇ ਪੈਲੀਸੇਡਸ ਵਿੱਚ ਫੈਲਣ ਦੇ ਜ਼ੋਖ਼ਮ ਨੂੰ ਘਟਾਇਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।