ਨਿਊਜ਼ ਡੈਸਕ: ਤੇਲੰਗਾਨਾ ਦੇ ਆਦਿਲਾਬਾਦ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਸਰਕਾਰੀ RIMS ਹਸਪਤਾਲ ਵਿੱਚ ਅੱਧੀ ਰਾਤ ਨੂੰ ਅੱਗ ਲੱਗਣ ਕਾਰਨ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਅੱਗ ‘ਸਪੈਸ਼ਲ ਨਿਊਬੌਰਨ ਕੇਅਰ ਯੂਨਿਟ’ (SNCU) ਵਾਰਡ ਵਿੱਚ ਲੱਗੇ ਏਅਰ ਕੰਡੀਸ਼ਨਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਇਸ ਘਟਨਾ ਵਿੱਚ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ ਰਿਪੋਰਟਾਂ ਅਨੁਸਾਰ ਕੁਝ ਹੋਰ ਬੱਚੇ ਜ਼ਖ਼ਮੀ ਵੀ ਹੋਏ ਹਨ।
ਖਬਰਾਂ ਅਨੁਸਾਰ, ਅੱਧੀ ਰਾਤ ਦੇ ਕਰੀਬ ਸਰਕਾਰੀ RIMS ਹਸਪਤਾਲ ਦੇ SNCU ਵਾਰਡ ਵਿੱਚ ਲਗਭਗ 30 ਨਵਜੰਮੇ ਬੱਚੇ ਜ਼ੇਰੇ-ਇਲਾਜ ਸਨ। ਅਚਾਨਕ, ਇੱਕ ਏਸੀ (AC) ਯੂਨਿਟ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਕੁਝ ਹੀ ਪਲਾਂ ਵਿੱਚ, ਪੂਰਾ ਵਾਰਡ ਸੰਘਣੇ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਸਾਹ ਲੈਣਾ ਬਹੁਤ ਮੁਸ਼ਕਿਲ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਘਬਰਾਏ ਹੋਏ ਮਾਪੇ ਅਤੇ ਨਾਲ ਆਏ ਲੋਕ ਵਾਰਡ ਵੱਲ ਭੱਜੇ ਅਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪੂਰੀ ਵਾਹ ਲਗਾ ਦਿੱਤੀ। ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ ਵਾਰਡ ਵਿੱਚੋਂ ਕੁੱਲ 27 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਘਟਨਾ ਦੌਰਾਨ ਕਈ ਬੱਚੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਸਟਾਫ ਨੇ ਤੁਰੰਤ ਕਾਰਵਾਈ ਕਰਦਿਆਂ ਬਿਜਲੀ ਸਪਲਾਈ ਬੰਦ ਕਰ ਦਿੱਤੀ। ਇਸ ਤੋਂ ਬਾਅਦ, ਪ੍ਰਭਾਵਿਤ ਬੱਚਿਆਂ ਨੂੰ ਇੱਕ ਹੋਰ ਜਨਰਲ ਵਾਰਡ ਅਤੇ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਤਾਜ਼ਾ ਜਾਣਕਾਰੀ ਅਨੁਸਾਰ, ਤਿੰਨ ਹੋਰ ਨਵਜੰਮੇ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਰਕਾਰੀ RIMS ਹਸਪਤਾਲ ਦੇ ਇੱਕ ਵਾਰਡ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ, ਜ਼ਿਲ੍ਹਾ ਕੁਲੈਕਟਰ ਰਾਜਰਸ਼ੀ ਸ਼ਾਹ ਅਤੇ ਐਸ.ਪੀ. ਅਖਿਲ ਮਹਾਜਨ ਤੁਰੰਤ ਹਸਪਤਾਲ ਪਹੁੰਚੇ। ਉਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ, ਕੁਲੈਕਟਰ ਅਤੇ ਐਸ.ਪੀ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਬਚੇ ਨਵਜੰਮੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਦੇਖਭਾਲ ਮਿਲਣੀ ਯਕੀਨੀ ਬਣਾਈ ਜਾਵੇ।

