ਨਵੀਂ ਦਿੱਲੀ : ਆਪਣੇ ਵਿਵਾਦਿਤ ਬਿਆਨਾਂ ਕਰਕੇ ਹਮੇਸਾ ਚਰਚਾ ‘ਚ ਰਹਿਣ ਵਾਲੀ ਕਾਂਗਰਸੀ ਆਗੂ ਅਲਕਾ ਲਾਂਬਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕਾਂਗਰਸੀ ਨੇਤਾ ਅਲਕਾ ਲਾਂਬਾ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਲਖਨਊ ਦੇ ਹਜ਼ਰਤਗੰਜ ਕੋਤਵਾਲੀ ‘ਚ ਐਫਆਈਆਰ ਦਰਜ ਕਰਵਾਈ ਗਈ ਹੈ। ਹਜ਼ਰਤਗੰਜ ਦੇ ਏਸੀਪੀ ਅਭੈ ਕੁਮਾਰ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸੀ ਨੇਤਾ ਅਲਕਾ ਲਾਂਬਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਸੀ। ਜਿਸ ‘ਚ ਲਾਂਬਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਇਤਰਾਜ਼ਯੋਗ ਟਿੱਪਣੀ ਕਰਦਿਆਂ ਜੱਜਾਂ ਦੀ ਸਾਖ ‘ਤੇ ਵੀ ਸਵਾਲ ਉਠਾਏ ਸਨ। ਜਿਸ ‘ਤੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਡਾ: ਪ੍ਰੀਤੀ ਵਰਮਾ ਦੀ ਤਹਿਰੀਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਡਾ. ਪ੍ਰੀਤੀ ਵਰਮਾ ਨੇ ਕਿਹਾ ਕਿ ਕਾਂਗਰਸੀ ਨੇਤਾ ਦੀ ਟਿੱਪਣੀ ਬੱਚਿਆਂ ਅਤੇ ਨੌਜਵਾਨ ਪੀੜ੍ਹੀ ’ਤੇ ਬਹੁਤ ਬੁਰਾ ਪ੍ਰਭਾਵ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਜਾਵੇ ਤਾਂ ਸਮਾਜ ‘ਚ ਅਜਿਹੇ ਸੰਦੇਸ਼ ਦੇਣ ਵਾਲੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਹਨ। ਡਾ. ਵਰਮਾ ਨੇ ਕਿਹਾ ਕਿ ਇੱਕ ਮਹਿਲਾ ਵੱਲੋਂ ਅਜਿਹਾ ਟਵੀਟ ਬਾਕੀ ਮਹਿਲਾਵਾਂ ਦੇ ਅਕਸ ਨੂੰ ਵੀ ਢਾਹ ਲਾਉਂਦਾ ਹੈ।
ਦੱਸ ਦਈਏ ਕਿ ਅਲਕਾ ਲਾਂਬਾ ਵੱਲੋਂ ਲੰਮੇ ਸਮੇਂ ਤੋਂ ਭਾਜਪਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਲਾਂਬਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਹੈਸ਼ਟੈਗ ਭਾਜਪਾ ਨਾਲ ਸਵਾਲ ਕਰੋ ਦੇ ਨਾਲ ਟਵੀਟ ਕੀਤਾ ਕਿ ਜਵਾਬ ਮਿਲਣ ਤੱਕ ਬਬਾਲ ਕਰੋ।