ਅੰਮ੍ਰਿਤਸਰ : ਆਉਣ ਵਾਲੇ ਸਮੇਂ ‘ਚ ਬਾਲੀਵੁੱਡ ਫਿਲਮ ਅਦਾਕਾਰ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਂਠ ਅੰਮ੍ਰਿਤਸਰ ‘ਚ ਇਸਾਈ ਧਰਮ ਦੇ ਕੁਝ ਸਗੰਠਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸੀਨੀਅਰ ਪੁਲਿਸ ਸੁਪਰਡੈਂਟ ਬਿਕਰਮ ਦੁੱਗਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਸੰਗਠਨਾਂ ਵੱਲੋਂ ਇਨ੍ਹਾਂ ਤਿੰਨਾਂ ਅਦਾਕਾਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਕ੍ਰਿਸਮਸ ਵਾਲੇ ਦਿਨ ਯਾਨੀ 25 ਦਸੰਬਰ ਨੂੰ ਰਾਤੀ 8.55 ਵਜੇ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਆਈਪੀਸੀ ਦੀ ਧਾਰਾ 295-A ਤਹਿਤ ਇਹ ਮਾਮਲਾ ਦਰਜ ਕੀਤਾ ਹੈ। ਪਹਿਲਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਤੇ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ।
ਦੱਸ ਦਈਏ ਕਿ ਫਰਾਹ ਖਾਨ ਨੇ ਇੱਕ ਪ੍ਰੋਗਰਾਮ ‘ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਤੋਂ ਇੱਕ ਅੰਗ੍ਰੇਜੀ ਅੱਖਰ ‘Hallelujah’ ਬਾਰੇ ਪੁੱਛਿਆ ਸੀ। ਇਹ ਸ਼ਬਦ ਪਵਿੱਤਰ ਧਾਰਮਿਕ ਗ੍ਰੰਥ ‘ਚੋਂ ਲਿਆ ਗਿਆ ਸੀ। ਭਾਰਤੀ ਸਿੰਘ ਨੇ ਇਸ ਦਾ ਮਤਲਬ ਨਾ ਜਾਣਦੇ ਹੋਏ ਇਸ ਅੱਖਰ ਦਾ ਮਜ਼ਾਕ ਉਡਾਇਆ ਤੇ ਫਰਾਹ ਖਾਨ ਤੇ ਰਵੀਨਾ ਟੰਡਨ ਨੇ ਵੀ ਭਾਰਤੀ ਸਿੰਘ ਦਾ ਸਾਥ ਦਿੱਤਾ ਸੀ।