ਸਨੌਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੰਜਾਬ ਪੁਲਿਸ ਦੀ ਹਿਰਾਸਤ ਤੋਂ ਭੱਜਣ ’ਚ ਸਫਲ ਰਹੇ। ਉਨ੍ਹਾਂ ਦੇ ਖਿਲਾਫ ਹਰਿਆਣਾ ’ਚ FIR ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤੇ ਗਏ ਹਨ, ਜਿੱਥੇ ਉਹ ਲਗਾਤਾਰ ਵੀਡੀਓ ਜਾਰੀ ਕਰ ਰਹੇ ਸਨ।
AGTF ਨੂੰ ਗ੍ਰਿਫਤਾਰੀ ਦੀ ਜ਼ਿੰਮੇਵਾਰੀ
ਪਠਾਣਮਾਜਰਾ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਦੀ ਅਗਵਾਈ DSP ਬਿਕਰਮਜੀਤ ਸਿੰਘ ਬਰਾੜ ਕਰ ਰਹੇ ਹਨ। ਇਹ ਕਾਰਵਾਈ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ’ਚ ਮੰਗਲਵਾਰ (2 ਸਤੰਬਰ 2025) ਨੂੰ ਵਿਧਾਇਕ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਦੀ ਘਟਨਾ ਤੋਂ ਲਗਭਗ 24 ਘੰਟਿਆਂ ਬਾਅਦ ਹੋਈ।
ਹਰਿਆਣਾ ’ਚ FIR ਅਤੇ ਦੋਸ਼
ਪੁਲਿਸ ਸੂਤਰਾਂ ਅਨੁਸਾਰ, ਪੰਜਾਬ ਦੀ CIA ਪੁਲਿਸ ਨੇ ਕਰਨਾਲ ਦੇ ਸਦਰ ਥਾਣੇ ’ਚ ਵਿਧਾਇਕ ਪਠਾਣਮਾਜਰਾ ਅਤੇ ਉਸ ਦੇ ਸਾਥੀ ਗੁਰਨਾਮ ਸਿੰਘ ਲਾਡੀ (ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ) ਦੇ ਖਿਲਾਫ ਸਰਕਾਰੀ ਕੰਮ ’ਚ ਵਿਘਨ, ਪੁਲਿਸ ’ਤੇ ਗੋਲੀਬਾਰੀ ਅਤੇ ਪਥਰਾਅ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ’ਚ ਕਿਹਾ ਗਿਆ ਕਿ ਮੰਗਲਵਾਰ ਸਵੇਰੇ ਕਰੀਬ 5 ਵਜੇ, ਡਬਰੀ ਪਿੰਡ ’ਚ ਗੁਰਨਾਮ ਸਿੰਘ ਲਾਡੀ ਦੇ ਘਰ ਛਾਪੇਮਾਰੀ ਕਰਕੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਰ ਜਦੋਂ ਪੁਲਿਸ ਉਸ ਨੂੰ ਪਟਿਆਲਾ ਲੈ ਜਾ ਰਹੀ ਸੀ, ਤਾਂ ਲਾਡੀ ਅਤੇ ਵਿਧਾਇਕ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਫਰਾਰ ਹੋਣ ’ਚ ਸਫਲਤਾ ਹਾਸਲ ਕੀਤੀ। ਇਸ ਦੌਰਾਨ ਭੀੜ ’ਚ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਪਰ ਪੁਲਿਸ ਨੇ ਜਵਾਬੀ ਬਲ ਦੀ ਵਰਤੋਂ ਨਹੀਂ ਕੀਤੀ।
DSP ਬਿਕਰਮਜੀਤ ਬਰਾੜ: ਐਨਕਾਊਂਟਰ ਸਪੈਸ਼ਲਿਸਟ
ਪਠਾਣਮਾਜਰਾ ਨੂੰ ਗਿਰਫਤਾਰ ਕਰਨ ਦੀ ਜ਼ਿੰਮੇਵਾਰੀ DSP ਬਿਕਰਮਜੀਤ ਬਰਾੜ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਦੋ ਸ਼ੂਟਰਾਂ ਨੂੰ ਮਾਰ ਗਿਰਾਉਣ ਦੀ ਕਾਰਵਾਈ ਲਈ ਰਾਸ਼ਟਰਪਤੀ ਬਹਾਦੁਰੀ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ। ਬਰਾੜ ਪਹਿਲਾਂ ਵੀ ਗੈਂਗਸਟਰ ਵਿੱਕੀ ਗੋਂਡਰ ਨੂੰ ਖਤਮ ਕਰਨ ਵਾਲੇ ਆਪਰੇਸ਼ਨ ਦਾ ਹਿੱਸਾ ਰਹੇ ਹਨ।
ਪਠਾਣਮਾਜਰਾ ਦਾ ਐਨਕਾਊਂਟਰ ਦਾ ਸ਼ੱਕ
ਪਠਾਨਮਾਜਰਾ ਨੇ ਆਪਣੇ ਵੀਡੀਓਜ਼ ’ਚ ਲਗਾਤਾਰ ਐਨਕਾਊਂਟਰ ਦਾ ਸ਼ੱਕ ਜ਼ਾਹਰ ਕੀਤਾ ਹੈ। 3 ਸਤੰਬਰ ਨੂੰ ਜਾਰੀ ਇੱਕ ਵੀਡੀਓ ’ਚ ਉਨ੍ਹਾਂ ਨੇ ਆਪਣੀ ਫਰਾਰੀ ਦੀ ਪੂਰੀ ਕਹਾਣੀ ਦੱਸੀ ਅਤੇ ਪੁਲਿਸ ’ਤੇ ਉਨ੍ਹਾਂ ਦਾ ਐਨਕਾਊਂਟਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਗੋਲੀ ਨਹੀਂ ਚਲਾਈ, ਸਗੋਂ ਪੁਲਿਸ ਨੂੰ ਗੱਲਾਂ ’ਚ ਉਲਝਾ ਕੇ ਉਹ ਉੱਥੋਂ ਨਿਕਲ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਗੈਂਗਸਟਰ ਦਿਖਾ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ 400-500 ਪੁਲਿਸ ਮੁਲਾਜ਼ਮ, 8-10 SP, ਕਈ DSP ਅਤੇ ਇੱਕ ਦਰਜਨ SHOs ਨੂੰ ਉਨ੍ਹਾਂ ਨੂੰ ਗੈਂਗਸਟਰ ਦਿਖਾਉਣ ਲਈ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੇ AAP ਦੀ ਦਿੱਲੀ ਲੀਡਰਸ਼ਿਪ ’ਤੇ ਵੀ ਪੰਜਾਬ ’ਚ ਦਖਲਅੰਦਾਜ਼ੀ ਦਾ ਦੋਸ਼ ਲਗਾਇਆ।