ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਦੂਜੇ ਭਾਰਤ ਅੰਤਰਰਾਸ਼ਟਰੀ ਮੈਗਾ ਵਪਾਰ ਮੇਲੇ ਚੰਡੀਗੜ੍ਹ ਦਾ ਉਦਘਾਟਨ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਦੂਜੇ ਭਾਰਤ ਅੰਤਰਰਾਸ਼ਟਰੀ ਮੈਗਾ ਵਪਾਰ ਮੇਲੇ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਨੇ ਇਸ ਪਹਿਲਕਦਮੀ ਦੀ ਆਰਥਿਕ ਵਿਕਾਸ, ਇਨੋਵੇਸ਼ਨ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੈਗਾ ਵਪਾਰ ਮੇਲੇ ਸਾਡੇ ਦੇਸ਼ ਅਤੇ ਸੂਬੇ ਦੀ ਵਿਕਾਸ ਸਮਰੱਥਾ ਨੂੰ ਦਰਸਾਉਣ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਇਵੈਂਟ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਅਤੇ ਇਨੋਵੇਸ਼ਨਜ਼ ਦਾ ਪ੍ਰਦਰਸ਼ਨ ਕਰਨ, ਸੰਪਰਕ ਸਥਾਪਤ ਕਰਨ, ਗਿਆਨ ਸਾਂਝਾ ਕਰਨ ਅਤੇ ਵਿਕਾਸ ਦੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ।

ਵਿੱਤ ਮੰਤਰੀ ਨੇ ਉਦਯੋਗ ਅਤੇ ਵਪਾਰ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਦਾ ਜਿਕਰ ਕਰਦਿਆਂ ਕਿਹਾ ਕਿ ਸੂਬਾ ਹਮੇਸ਼ਾ ਹੀ ਉੱਦਮੀਆਂ, ਖੋਜਕਾਰਾਂ ਅਤੇ ਵਪਾਰੀਆਂ ਦਾ ਕੇਂਦਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵਿਰਾਸਤ ਨੂੰ ਅੱਗੇ ਵਧਾਉਣ, ਉੱਚ-ਗੁਣਵੱਤਾ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ, ਅਤੇ ਉਦਯੋਗ ਅਤੇ ਵਪਾਰ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਵਚਨਬੱਧ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਵਪਾਰ ਮੇਲੇ ਨੂੰ ਕਰਵਾਉਣ ਲਈ ਬੰਗਾਲ ਚੈਂਬਰ ਅਤੇ ਜੀਐਸ ਮਾਰਕੀਟਿੰਗ ਐਸੋਸੀਏਟਸ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਸਮਾਗਮ ਸਫ਼ਲਤਾਪੂਰਬਕ ਸੰਪੰਨ ਹੋਵੇਗਾ ਅਤੇ ਨਾਲ ਨਵੇਂ ਕਾਰੋਬਾਰੀ ਉੱਦਮਾਂ ਅਤੇ ਵਪਾਰਕ ਭਾਈਵਾਲੀਆਂ ਦੀ ਨੀਂਹ ਰੱਖੇਗਾ।

Share This Article
Leave a Comment