ਟੈਕਸਦਾਤਾਵਾਂ ਲਈ ਵੱਡੀ ਰਾਹਤ! ਜਾਣੋ ਵਿੱਤ ਮੰਤਰੀ ਨੇ ਆਮਦਨ ਕਰ ਸਬੰਧੀ ਕੀਤੇ ਕੀ ਕੀ ਐਲਾਨ

Global Team
3 Min Read

ਨਵੀ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੰਸਦ ਵਿੱਚ ਕੇਂਦਰੀ ਬਜਟ 2026 ਪੇਸ਼ ਕੀਤਾ। ਇਸ ਦੇ ਨਾਲ ਹੀ ਉਹ ਲਗਾਤਾਰ ਨੌਵਾਂ ਬਜਟ ਪੇਸ਼ ਕਰਨ ਵਾਲੇ ਦੇਸ਼ ਦੀ ਪਹਿਲੀ ਵਿੱਤ ਮੰਤਰੀ ਬਣ ਗਏ ਹਨ, ਜਿਸ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਦੇਸ਼ ਲਈ ਕਈ ਅਹਿਮ ਸੁਧਾਰਾਂ ਅਤੇ ਨੀਤੀਗਤ ਪਹਿਲਕਦਮੀਆਂ ‘ਤੇ ਚਾਨਣਾ ਪਾਇਆ। ਆਮਦਨ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੋਧੀਆਂ ਰਿਟਰਨਾਂ ਫਾਈਲ ਕਰਨ ਲਈ ਤਿੰਨ ਮਹੀਨੇ ਹੋਰ ਸਮਾਂ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਤੁਸੀਂ ਹੁਣ 31 ਮਾਰਚ ਤੱਕ ਆਪਣੀ ਸੋਧੀ ਹੋਈ ਰਿਟਰਨ ਫਾਈਲ ਕਰ ਸਕਦੇ ਹੋ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਭਾਸ਼ਣ ਦੌਰਾਨ ਟੈਕਸ ਦਾਤਾਵਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਕਿ ਹੁਣ 31 ਮਾਰਚ ਤੱਕ ਮਾਮੂਲੀ ਫੀਸ ‘ਤੇ ਸੋਧੀ ਹੋਈ ਇਨਕਮ ਟੈਕਸ ਰਿਟਰਨ (Revised ITR) ਦਾਖਲ ਕੀਤੀ ਜਾ ਸਕੇਗੀ। ਇਸ ਫੈਸਲੇ ਨਾਲ ਉਨ੍ਹਾਂ ਟੈਕਸ ਦਾਤਾਵਾਂ ਨੂੰ ਫਾਇਦਾ ਹੋਵੇਗਾ ਜੋ ਰਿਟਰਨ ਭਰਨ ਵੇਲੇ ਹੋਈ ਕਿਸੇ ਗਲਤੀ ਨੂੰ ਸੁਧਾਰਨਾ ਚਾਹੁੰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਟੈਕਸ ਪਾਲਣਾ ਨੂੰ ਆਸਾਨ ਬਣਾਉਣਾ ਅਤੇ ਟੈਕਸ ਦਾਤਾਵਾਂ ‘ਤੇ ਬੇਲੋੜੇ ਜੁਰਮਾਨੇ ਦਾ ਬੋਝ ਘਟਾਉਣਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਸਹੂਲਤ ਨਾਲ ਵੱਧ ਤੋਂ ਵੱਧ ਲੋਕ ਆਪਣੀ ਮਰਜ਼ੀ ਨਾਲ ਸਹੀ ਜਾਣਕਾਰੀ ਦੇ ਨਾਲ ਇਨਕਮ ਟੈਕਸ ਰਿਟਰਨ ਭਰ ਸਕਣਗੇ।

ਵਿੱਤ ਮੰਤਰੀ ਨੇ ਲਿਬਰਲਾਈਜ਼ਡ ਰੈਮਿਟੈਂਸ ਸਕੀਮ (LRS) ਦੇ ਤਹਿਤ ਸਿੱਖਿਆ ਅਤੇ ਮੈਡੀਕਲ ਸਿੱਖਿਆ ਲਈ ਭੇਜੀ ਜਾਣ ਵਾਲੀ ਰਾਸ਼ੀ ‘ਤੇ ਟੀ.ਸੀ.ਐੱਸ. (TCS) ਦੀ ਦਰ ਨੂੰ 5 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਵਿਦੇਸ਼ੀ ਟੂਰ ਪੈਕੇਜਾਂ ਦੀ ਵਿਕਰੀ ‘ਤੇ ਲੱਗਣ ਵਾਲਾ ਟੀ.ਸੀ.ਐੱਸ. ਵੀ 5 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਦਰ 20 ਫੀਸਦੀ ਸੀ, ਜਿਸ ਨੂੰ ਪਹਿਲਾਂ ਹੀ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment