ਜੈਪੁਰ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੇਸ਼ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾ ਪੰਜਵਾਂ ਮਾਮਲਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਕੋਰੋਨਾ ਵਾਇਰਸ ਨਾਲ ਸੰਕਰਮਿਤ ਇਟਲੀ ਦੇ ਇੱਕ ਸੈਲਾਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦਾ ਨਾਮ ਐਂਡਰੀ ਕਾਰਲੀ ਦੱਸਿਆ ਜਾ ਰਿਹਾ ਹੈ ਜੋ ਕਿ ਭਾਰਤ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਹਿਲਾਂ ਵਿਦੇਸ਼ੀ ਸੀ।
ਉਕਤ ਵਿਅਕਤੀ ਨੂੰ 29 ਫਰਵਰੀ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਅੱਜ (ਸ਼ੁੱਕਰਵਾਰ) ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ 2 ਮਾਰਚ ਨੂੰ ਐਂਡਰੀ ਦੀ ਰਿਪੋਰਟ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਸਨ ਤੇ ਉਸਦੀ ਦੂਜੀ ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਸੀ।
ਇਸ ਤੋਂ ਪਹਿਲਾਂ ਦੇਸ਼ ‘ਚ ਕੋਰੋਨਾ ਨਾਲ ਪਹਿਲੀ ਮੌਤ ਕਰਨਾਟਕ ਦੇ ਕੁਲਬਰਗੀ ‘ਚ, ਦੂਜੀ ਰਾਜਧਾਨੀ ਦਿੱਲੀ, ਤੀਜੀ ਮਹਾਂਰਾਸ਼ਟਰ ਤੇ ਚੌਥੀ ਮੌਤ ਪੰਜਾਬ ਦੇ ਨਵਾਂਸ਼ਹਿਰ ‘ਚ ਹੋਈ ਸੀ। ਦੱਸ ਦਈਏ ਕਿ ਇਨ੍ਹਾਂ ਸਾਰੇ ਮ੍ਰਿਤਕਾਂ ਦੀ ਉਮਰ 60 ਸਾਲ ਤੋਂ ਵੱਧ ਸੀ।
ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ-19) ਦੇ 200 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ 5 ਦੀ ਮੌਤ ਹੋ ਗਈ ਹੈ। ਦੇਸ਼ ਦੇ ਲਗਭਗ 20 ਰਾਜ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਲੱਖ ਤੋਂ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।
- Advertisement -