ਨਿਊਜ਼ ਡੈਸਕ: ਵਿਸ਼ਵ ਪੱਧਰ ‘ਤੇ ਖੇਤ ਸੁੰਗੜ ਰਹੇ ਹਨ ਤੇ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਦਾ ਖੇਤੀ ਨਾਲ ਮੋਹਭੰਗ ਹੋ ਰਿਹਾ ਹੈ। ਅੰਤਰਰਾਸ਼ਟਰੀ ਅਧਿਐਨ ਨੇ ਚਿਤਾਵਨੀ ਦਿੰਦੇ ਕਿਹਾ ਹੈ ਕਿ 2100 ਤੱਕ ਖੇਤਾਂ ਦੀ ਗਿਣਤੀ ਅੱਧੀ ਰਹਿ ਜਾਵੇਗੀ, ਜਦਕਿ ਵਿਸ਼ਵ ਦੀ ਆਬਾਦੀ ਅਤੇ ਭੋਜਨ ਦੀ ਮੰਗ ਤੇਜ਼ੀ ਨਾਲ ਵਧੇਗੀ।
ਭਾਰਤ ਲਈ ਗੰਭੀਰ ਚਿਤਾਵਨੀ
ਭਾਰਤ ਵਿੱਚ ਇਹ ਸੰਕਟ ਹੋਰ ਵੀ ਗੰਭੀਰ ਹੈ, ਕਿਉਂਕਿ ਹਰ ਰੋਜ਼ ਹਜ਼ਾਰਾਂ ਕਿਸਾਨ ਖੇਤੀ ਛੱਡ ਰਹੇ ਹਨ ਅਤੇ ਖੇਤੀਬਾੜੀ ਜ਼ਮੀਨ ਘਟ ਰਹੀ ਹੈ। ਵਿਸ਼ਵ ਪੱਧਰ ‘ਤੇ ਖੇਤੀ ਸੰਕਟ ਦੇ ਸੰਕੇਤ ਹੁਣ ਸਪੱਸ਼ਟ ਹੋ ਰਹੇ ਹਨ। ਕਿਸਾਨਾਂ ਦੀ ਔਸਤ ਉਮਰ 55 ਸਾਲ ਹੈ, ਜੋ ਕਈ ਦੇਸ਼ਾਂ ਵਿੱਚ ਸੇਵਾਮੁਕਤੀ ਦੀ ਉਮਰ ਦੇ ਬਰਾਬਰ ਹੈ। ਸੀਮਤ ਖੇਤੀ ਜ਼ਮੀਨ ਅਤੇ ਜਲਵਾਯੂ ਤਬਦੀਲੀ ਦੀ ਤੇਜ਼ੀ ਨੇ ਇਸ ਪੇਸ਼ੇ ਨੂੰ ਦੋਹਰੀ ਚੁਣੌਤੀ ਦਿੱਤੀ ਹੈ। ਅੰਤਰਰਾਸ਼ਟਰੀ ਲੇਬਰ ਸੰਗਠਨ (ਆਈਐਲਓ) ਮੁਤਾਬਕ, 1991 ਵਿੱਚ ਵਿਸ਼ਵ ਰੁਜ਼ਗਾਰ ਵਿੱਚ ਖੇਤੀ ਦਾ ਹਿੱਸਾ 43% ਸੀ, ਜੋ 2023 ਵਿੱਚ ਘਟ ਕੇ ਸਿਰਫ 26% ਰਹਿ ਗਿਆ। ਔਸਤਨ, ਹਰ ਰੋਜ਼ ਲਗਭਗ 2,000 ਕਿਸਾਨ ਖੇਤੀ ਛੱਡ ਰਹੇ ਹਨ। ਵਰਲਡ ਫਾਰਮਰਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਅਰਨੋਲਡ ਪਿਊਸ਼ ਪੇਸ ਡੀ ਐਲਿਸੈਕ ਦਾ ਕਹਿਣਾ ਹੈ ਕਿ ਜੇਕਰ ਇਹੀ ਰੁਝਾਨ ਜਾਰੀ ਰਿਹਾ, ਤਾਂ ਰੁਜ਼ਗਾਰ ਅਤੇ ਭੋਜਨ ਸਪਲਾਈ ‘ਤੇ ਗੰਭੀਰ ਅਸਰ ਪਵੇਗਾ। ਖੇਤੀ ਦੀ ਨੀਂਹ ਜ਼ਮੀਨ ਹੈ, ਜੋ ਉਦਯੋਗੀਕਰਨ, ਸ਼ਹਿਰੀਕਰਨ ਅਤੇ ਬੁਨਿਆਦੀ ਢਾਂਚੇ ਲਈ ਵੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਜਲਵਾਯੂ ਤਬਦੀਲੀ ਫਸਲ ਚੱਕਰ ਨੂੰ ਅਸਥਿਰ ਕਰ ਰਹੀ ਹੈ, ਜਿਸ ਨਾਲ ਪੈਦਾਵਾਰ ‘ਤੇ ਦਬਾਅ ਵਧਿਆ ਹੈ।
ਭਾਰਤ ਵਿੱਚ ਸੰਕਟ ਦੇ ਸੰਕੇਤ
ਭਾਰਤ ਵਿੱਚ ਖੇਤੀ ਜ਼ਮੀਨ ਦਾ ਘੇਰਾ ਲਗਾਤਾਰ ਘਟ ਰਿਹਾ ਹੈ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ, 1970-71 ਵਿੱਚ ਭਾਰਤ ਵਿੱਚ ਲਗਭਗ 18.2 ਕਰੋੜ ਹੈਕਟੇਅਰ ਜ਼ਮੀਨ ਖੇਤੀ ਲਈ ਵਰਤੀ ਜਾਂਦੀ ਸੀ, ਜੋ 2020-21 ਵਿੱਚ ਘਟ ਕੇ 14 ਕਰੋੜ ਹੈਕਟੇਅਰ ਤੋਂ ਵੀ ਘੱਟ ਰਹਿ ਗਈ। ਖੇਤਾਂ ਦਾ ਔਸਤ ਅਕਾਰ 1970-71 ਵਿੱਚ 2.28 ਹੈਕਟੇਅਰ ਸੀ, ਜੋ 2018-19 ਵਿੱਚ ਘਟ ਕੇ 1.08 ਹੈਕਟੇਅਰ ਰਹਿ ਗਿਆ। ਛੋਟੇ ਅਤੇ ਸੀਮਾਂਤ ਕਿਸਾਨ (2 ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ) ਹੁਣ ਕੁੱਲ ਕਿਸਾਨਾਂ ਦਾ 86% ਹਿੱਸਾ ਹਨ, ਪਰ ਇਨ੍ਹਾਂ ਕੋਲ ਸਿਰਫ 47% ਖੇਤੀ ਜ਼ਮੀਨ ਹੈ। ਨੀਤੀ ਆਯੋਗ ਦੀ ਇੱਕ ਰਿਪੋਰਟ ਵੀ ਚਿਤਾਵਨੀ ਦਿੰਦੀ ਹੈ ਕਿ 2030 ਤੱਕ ਭਾਰਤ ਵਿੱਚ ਪ੍ਰਤੀ ਵਿਅਕਤੀ ਖੇਤੀ ਜ਼ਮੀਨ 0.12 ਹੈਕਟੇਅਰ ਤੋਂ ਵੀ ਘੱਟ ਰਹਿ ਜਾਵੇਗੀ, ਜਦਕਿ 1960 ਵਿੱਚ ਇਹ 0.34 ਹੈਕਟੇਅਰ ਸੀ।
ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਵਧੇਰੇ ਸੰਕਟ
ਭਾਰਤ ਵਿੱਚ ਖੇਤੀ ਛੱਡਣ ਦੀ ਦਰ ਵੱਖ-ਵੱਖ ਸੂਬਿਆਂ ਵਿੱਚ ਕਾਫੀ ਵੱਖਰੀ ਹੈ। ਇਹ ਮੁੱਖ ਤੌਰ ‘ਤੇ ਜ਼ਮੀਨ ਦੀ ਉਪਲਬਧਤਾ, ਸਿੰਚਾਈ ਸਹੂਲਤਾਂ, ਸ਼ਹਿਰੀਕਰਨ ਅਤੇ ਵਿਕਲਪਕ ਰੁਜ਼ਗਾਰ ਦੇ ਮੌਕਿਆਂ ‘ਤੇ ਨਿਰਭਰ ਕਰਦੀ ਹੈ। NSS ਅਤੇ ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਖੇਤੀ ਛੱਡਣ ਦੀ ਦਰ ਵਧੇਰੇ ਹੈ। ਇੱਥੇ ਤੇਜ਼ੀ ਨਾਲ ਸ਼ਹਿਰੀ ਵਿਸਥਾਰ, ਉਦਯੋਗਿਕ ਪ੍ਰੋਜੈਕਟ ਅਤੇ ਪਾਣੀ ਦੀ ਕਮੀ ਕਿਸਾਨਾਂ ਨੂੰ ਵਿਕਲਪਕ ਕਾਰੋਬਾਰ ਵੱਲ ਧੱਕ ਰਹੀ ਹੈ। ਪੂਰਬੀ ਭਾਰਤ ਦੇ ਸੂਬਿਆਂ ਜਿਵੇਂ ਕਿ ਬਿਹਾਰ, ਝਾਰਖੰਡ ਅਤੇ ਓਡੀਸ਼ਾ ਵਿੱਚ ਇਹ ਦਰ ਘੱਟ ਹੈ, ਪਰ ਇੱਥੇ ਵੀ ਨੌਜਵਾਨਾਂ ਦਾ ਖੇਤੀ ਨਾਲ ਮੋਹਭੰਗ ਵਧ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਉਹ ਪ੍ਰਵਾਸੀ ਮਜ਼ਦੂਰ ਵਜੋਂ ਬਾਹਰ ਜਾ ਰਹੇ ਹਨ।