ਨਵੀਂ ਦਿੱਲੀ: ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 37ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਦੌਰਾਨ ਕਿਸਾਨਾਂ ਵਿੱਚ ਜੋਸ਼ ਬਰਕਰਾਰ ਹੈ। ਨਵੇਂ ਸਾਲ ਮੌਕੇ ਵੀ ਅੰਦੋਲਨ ਅੰਦਰ ਵੱਖਰਾ ਰੰਗ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਅੱਜ ਕਿਸਾਨ ਜਥੇਬੰਦੀਆਂ ਦੀ ਬਾਅਦ ਦੁਪਹਿਰ ਮੀਟਿੰਗ ਹੋਵੇਗੀ। ਇਸ ਬੈਠਕ ਵਿੱਚ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਹੋਣ ਵਾਲੀ 7ਵੇਂ ਗੇੜ ਦੀ ਮੀਟਿੰਗ ਬਾਰੇ ਵਿਚਾਰ ਚਰਚਾ ਕਰਨਗੀਆਂ।
ਕੇਂਦਰੀ ਮੰਤਰੀਆਂ ਨਾਲ ਅਗਲੀ ਮੀਟਿੰਗ 4 ਜਨਵਰੀ ਨੂੰ ਹੋਣ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਕਿਸਾਨ ਕੇਂਦਰ ਸਰਕਾਰ ਖਿਲਾਫ਼ ਨਵੀਂ ਰਣਨੀਤੀ ਘੜ ਸਕਦੇ ਹਨ ਅਤੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਸੀ ਪਰ ਉਸ ਨੂੰ ਹਾਲ ਦੀ ਘੜੀ ਮੁਅੱਤਲ ਕੀਤਾ ਹੋਇਆ ਹੈ।
ਕਿਸਾਨਾਂ ਨੇ ਕੇਂਦਰ ਸਰਕਾਰ ਨਾਲ 30 ਦਸੰਬਰ ਨੂੰ ਮੀਟਿੰਗ ਕੀਤੀ ਸੀ। ਜਿਸ ਵਿੱਚ ਕਿਸਾਨਾਂ ਦੀਆਂ 2 ਮੰਗਾਂ ਨੂੰ ਕੇਂਦਰੀ ਮੰਤਰੀਆਂ ਨੇ ਸਵਿਕਾਰ ਕਰ ਲਿਆ ਹੈ। ਇਹਨਾਂ ਵਿੱਚ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨਾ ਅਤੇ ਹਵਾ ਦੀ ਸ਼ੁੱਧਤਾ ਸਬੰਧੀ ਬਣਾਏ ਕਾਨੂੰਨ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ‘ਤੇ ਵੀ ਸਰਕਾਰ ਮੰਨ ਗਈ ਸੀ। ਪਰ ਦੋ ਹੋਰ ਮੁੱਖ ਮੰਤਰੀ ‘ਤੇ ਕੇਂਦਰ ਹਾਲੇ ਤਕ ਵਿਚਾਰ ਹੀ ਕਰ ਰਹੀ ਹੈ।
ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਇੱਕ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਦੂਸਰਾ ਫਸਲ ਦੀ ਐਮਐਸਪੀ ‘ਤੇ ਖਰੀਦ ਯਕੀਨੀ ਅਤੇ ਉਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਇਹਨਾਂ ਦੋ ਮੁੱਦਿਆਂ ‘ਤੇ ਸਰਕਾਰ ਨੇ ਹਾਲੇ ਤਕ ਨਾ ਪੱਖੀ ਹੀ ਹੁੰਗਾਰਾ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਅਸੀਂ ਕਾਨੂੰਨਾਂ ਵਿਚ ਸਿਰਫ਼ ਸੋਧਾਂ ਹੀ ਕਰ ਸਕਦੇ ਹਾਂ। ਇਸ ਲਈ ਕਿਸਾਨ ਆਪਣੀਆਂ ਇਹਨਾਂ ਮੰਗਾਂ ਨੂੰ ਮਨਾਉਣ ਲਈ ਅੱਜ ਬੈਠਕ ਵਿੱਚ ਕੋਈ ਵੱਡੀ ਰਣਨੀਤੀ ਉਲੀਕ ਸਕਦੇ ਹਨ।