ਨਵੀਂ ਦਿੱਲੀ/ਚੰਡੀਗੜ੍ਹ: ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨ ਜਥੇਬੰਦੀਆਂ ਟਰੈਕਟਰ ਪਰੇਡ ਕੱਢਣਗੀਆਂ। ਇਹ ਟਰੈਕਟਰ ਪਰੇਡ ਕਿਸਾਨ ਜਥੇਬੰਦੀਆਂ ਸਾਂਝਾ ਕਿਸਾਨ ਦੇ ਸੱਦੇ ’ਤੇ ਕੱਢੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਬਾਰਡਰ ਤੋਂ ਅੰਦੋਲਨ ਖਤਮ ਹੋਇਆ ਸੀ ਤਾਂ ਕੇਂਦਰ ਸਰਕਾਰ ਨਾਲ ਕੁਝ ਸ਼ਰਤਾਂ ‘ਤੇ ਸਮਝੌਤਾ ਹੋਇਆ ਸੀ।
ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਸਨ। ਪਰ ਅੱਜ ਤੱਕ ਉਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੱਜ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਪਰੇਡ ਕੱਢ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ।
ਪੰਜਾਬ ਵਿੱਚ 100 ਥਾਵਾਂ ਅਤੇ ਦੇਸ਼ ਭਰ ਵਿੱਚ 500 ਥਾਵਾਂ ’ਤੇ ਟਰੈਕਟਰ ਪਰੇਡ ਹੋਵੇਗੀ।
ਕਿਸਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਵਿੱਚ 500 ਥਾਵਾਂ ’ਤੇ ਟਰੈਕਟਰਾਂ ਦੀ ਪਰੇਡ ਕਰਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 100 ਥਾਵਾਂ ’ਤੇ ਇਹ ਟਰੈਕਟਰ ਪਰੇਡ ਕੱਢੀ ਜਾਵੇਗੀ। ਕਿਸਾਨ ਸ਼ਹਿਰਾਂ ਤੋਂ ਪਿੰਡਾਂ ਤੱਕ ਇਕੱਠੇ ਹੋਣਗੇ ਅਤੇ ਟਰੈਕਟਰਾਂ ਦੀਆਂ ਪਰੇਡਾਂ ਕੱਢਣਗੇ।
ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ’ਚ ਐੱਮਐੱਸਪੀ ਦਾ ਗਾਰੰਟੀ ਕਾਨੂੰਨ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਐਕਟ ’ਚੋਂ ਬਾਹਰ ਰੱਖਣਾ, ਬਿਜਲੀ ਸੋਧ ਬਿੱਲ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ, ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਨਾ ਸ਼ਾਮਲ ਸਨ। ਇਹ ਮੰਗਾਂ ਮੰਨੇ ਜਾਣ ਦੇ ਬਾਵਜੂਦ ਕੇਂਦਰ ਵੱਲੋਂ ਹਾਲੇ ਤਕ ਲਾਗੂ ਨਹੀਂ ਕੀਤੀਆ ਗਈਆ। ਇਸ ਕਾਰਨ ਪੂਰੇ ਦੇਸ਼ ਦੇ ਕਿਸਾਨਾਂ ਅੰਦਰ ਕੇਂਦਰ ਸਰਕਾਰ ਪ੍ਰਤੀ ਵੱਡੇ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਮੁੜ ਸੰਘਰਸ਼ ਦੇ ਰਾਹ ਤੁਰ ਪਏ ਹਨ।