ਅੰਮ੍ਰਿਤਸਰ: ਖੇਤੀ ਕਾਨੂੰਨ ਖਿਲਾਫ਼ ਨਿੱਤਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਵੱਡਾ ਫੈਸਲਾ ਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਸੂਬਾ ਪੱਧਰ ਦੀ ਮੀਟਿੰਗ ਸੱਦੀ ਗਈ ਸੀ ਜਿਸ ‘ਚ ਤੈਅ ਕੀਤਾ ਗਿਆ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖ਼ਬਰਾਂ ਆ ਰਹੀਆਂ ਹਨ ਕਿ ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਤਿੰਨ ਦਿਨਾਂ ਲਈ ਪੰਜਾਬ ਆ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਜਥੇਬੰਦੀ ਜੇਪੀ ਨੱਢਾ ਦਾ ਜ਼ਬਰਦਸਤ ਵਿਰੋਧ ਕਰੇਗੀ। ਪੰਜਾਬ ਆਉਣ ‘ਤੇ ਉਹਨਾਂ ਦਾ ਸਵਾਗਤ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਜਾਵੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਨੇੜੇ ਧਰਨੇ ‘ਤੇ ਬੈਠੇ ਹੋਏ ਹਨ। ਪਹਿਲਾਂ ਇਸ ਜਥੇਬੰਦੀ ਨੇ ਧਰਨਾ ਰੇਲਵੇ ਸਟੇਸ਼ਨ ‘ਤੇ ਲਾਇਆ ਹੋਇਆ ਸੀ। ਬਾਅਦ ‘ਚ ਧਰਨੇ ਦੀ ਥਾਂ ਬਦਲ ਕੇ ਰੇਲਵੇ ਸਟੇਸ਼ਨ ਨੇੜ੍ਹੇ ਗਰਾਉਂਡ ‘ਚ ਰੱਖ ਲਿਆ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਧੱਕੇ ਨਾਲ ਯਾਤਰੀ ਗੱਡੀਆਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੇ ਸਾਫ਼ ਕਿਹਾ ਹੋਇਆ ਕਿ ਸਿਰਫ਼ ਮਾਲ ਗੱਡੀਆਂ ਨੂੰ ਰਸਤਾ ਦਿੱਤਾ ਜਾਵੇਗਾ ਪਰ ਕੇਂਦਰ ਸਰਕਾਰ ਮਾਲ ਗੱਡੀਆਂ ਨਾਲ ਚਲਾਉਣ ਦੀ ਬਜਾਏ ਯਾਤਰੀ ਗੱਡੀਆਂ ਨੂੰ ਧੱਕੇਸ਼ਾਹੀ ਨਾਲ ਚਲਾਉਣ ‘ਤੇ ਜ਼ੋਰ ਦੇ ਰਹੀ ਹੈ। ਅਸੀਂ ਕੇਂਦਰ ਸਰਕਾਰ ਦੇ ਇਹ ਮਨਸ਼ੇ ਪੂਰੇ ਨਹੀਂ ਹੋਣ ਦੇਵਾਂਗੇ।