ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੂੰ ਨਿੱਤਰੇ ਹੋਏ ਲੰਬਾ ਸਮਾਂ ਹੋ ਗਿਆ ਹੈ। ਹੁਣ ਤੱਕ ਕੇਂਦਰ ਸਰਕਾਰ ਨਾਲ 7 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਸਿੱਟਾ ਹਾਲੇ ਤੱਕ ਕੋਈ ਨਹੀਂ ਨਿਕਲਿਆ। ਆਖ਼ਰੀ ਮੀਟਿੰਗ 4 ਜਨਵਰੀ ਨੂੰ ਹੋਈ ਸੀ। ਬੈਠਕ ਵਿੱਚ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਨਵੀਂ ਰਣਨੀਤੀ ਉਲੀਕ ਦਿੱਤੀ ਹੈ।
7 ਜਨਵਰੀ ਨੂੰ ਦਿੱਲੀ ਬਾਰਡਰ ਤੋਂ ਵੈਸਟਰਨ ਅਤੇ ਈਸਟਰਨ ਐਕਸਪ੍ਰੈੱਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਟਰੈਕਟਰ ਮਾਰਚ ਚਾਰ ਰਸਤਿਓਂ ਸ਼ੁਰੂ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ‘ਤੇ ਸਵਾਰ ਹੋ ਕੇ ਇਸ ਨੂੰ ਸਫਲ ਬਣਾਉਣਗੇ। ਇਸ ਤੋਂ ਇਲਾਵਾ 26 ਜਨਵਰੀ ਗਣਤੰਤਰ ਦਿਵਸ ਮੌਕੇ ਵੀ ਕਿਸਾਨ ਆਪੋ ਆਪਣੀਆਂ ਝਾਂਕੀਆਂ ਕੱਢਣਗੇ। 9 ਜਨਵਰੀ ਨੂੰ ਸਰ ਛੋਟੂ ਰਾਮ ਦੀ ਜੈਅੰਤੀ ਮਨਾਈ ਜਾਵੇਗੀ। ਲੋਹੜੀ ਅਤੇ ਮਕਰ ਸਕਰਾਂਤੀ ਮੌਕੇ ਤਿੰਨ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਤਿਉਹਾਰ ਮਨਾਇਆ ਜਾਵੇਗਾ।
ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਲੀਡਰਾਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਮਾਰਚ ਲਈ ਹਰਿਆਣਾ ਤੋਂ ਹਰ ਪਿੰਡ ‘ਚੋਂ 10 ਟਰਾਲੀਆਂ ਅਤੇ ਇੱਕ ਘਰ ‘ਚੋਂ ਇਕ ਵਿਅਕਤੀ ਮਾਰਚ ਲਈ ਸ਼ਾਮਲ ਹੋਵੇਗਾ। ਉਧਰ ਪੰਜਾਬ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦੀ ਪੂਰੀ ਤਿਆਰੀ ਕੀਤੀ ਗਈ ਹੈ ਵੱਡੀ ਤਾਦਾਦ ਵਿਚ ਕਿਸਾਨ ਦਿੱਲੀ ਪਹੁੰਚਣ ਦੇ ਲਈ ਤਿਆਰ ਹਨ।