ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਨੂੰ ਪਾਉਣਗੀਆਂ ਭਾਜੜਾਂ, ਦਿੱਲੀ ‘ਚ ਲੈ ਲਿਆ ਵੱਡਾ ਫੈਸਲਾ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਅੱਜ ਦਿੱਲੀ ‘ਚ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਖੇਤੀ ਕਾਨੂੰਨ ਖਿਲਾਫ਼ 5 ਨਵੰਬਰ ਨੂੰ ਦੇਸ਼ ਭਰ ‘ਚ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ 26 ਨਵੰਬਰ ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਵੀ ਐਲਾਨਿਆ ਹੈ। ਜਿਸ ਤਹਿਤ ਦੋ ਦਿਨ ਦਿੱਲੀ ‘ਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਜਿਸ ਤਹਿਤ ਅੱਜ ਦਿੱਲੀ ‘ਚ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਸਨ।

ਦਿੱਲੀ ਦੇ ਰਕਾਬ ਗੰਜ ਗੁਰਦੁਆਰਾ ਸਾਹਿਬ ‘ਚ 250 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨ ਖਿਲਾਫ਼ ਇਹ ਰਣਨੀਤੀ ਘੜੀ ਹੈ। ਕਿਸਾਨ ਜਥੇਬੰਦੀਆਂ ਦੀ ਲਗਾਤਾਰ 2 ਦਿਨ ਮੀਟਿੰਗ ਚੱਲੀ। ਬੀਤੇ ਦਿਨ 26 ਅਕਤੂਬਰ ਨੂੰ ਵੀ ਕਿਸਾਨਾਂ ਨੇ ਇੱਥੇ ਬੈਠਕ ਬੁਲਾਈ ਸੀ। ਜਿੱਥੇ ਸਿਰਫ਼ ਦਿੱਲੀ ‘ਚ ਵਿਸ਼ਾਲ ਮਾਰਚ ਕੱਢਣ ਦਾ ਹੀ ਐਲਾਨ ਕੀਤਾ ਸੀ। ਪਰ ਅੱਜ ਦੂਸਰੇ ਦਿਨ ਦੀ ਲੰਬੀ ਵਿਚਾਰ ਚਰਚਾ ਤੋਂ ਬਾਅਦ ਕਿਸਾਨਾਂ ਨੇ 5 ਨਵੰਬਰ ਨੂੰ ਦੇਸ਼ ਭਰ ‘ਚ ਚੱਕਾ ਜਾਮ ਕਰਨ ਦਾ ਵੀ ਫੈਸਲਾ ਲੈ ਲਿਆ ਹੈ।

ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਖਿਲਾਫ਼ ਪੰਜਾਬ ਅਤੇ ਹਰਿਆਣਾ ‘ਚ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਰੇਲਾਂ ਦੇ ਟਰੈਕ ਜਾਮ ਕੀਤੇ ਹੋਏ ਹਨ ਅਤੇ ਟੋਲ ਪਲਾਜ਼ਿਆਂ ‘ਤੇ ਵੀ ਧਰਨੇ ਦਿੱਤੇ ਜਾ ਰਹੇ ਹਨ। ਹੁਣ ਇਸ ਅੰਦੋਲਨ ਨੂੰ ਦੇਸ਼ ਭਰ ‘ਚ ਲੈ ਕੇ ਆਉਣ ਲਈ ਕਿਸਾਨਾਂ ਨੇ ਦਿੱਲੀ ‘ਚ ਮੋਦੀ ਸਰਕਾਰ ਖਿਲਾਫ਼ ਨਵੀਂ ਰਣਨੀਤੀ ਘੜੀ ਹੈ।

Share this Article
Leave a comment