ਪੰਜਾਬ ਦੀ ਰੂਹ

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਘੁੱਗ ਵਸਦੇ ਪੰਜਾਬ ਦੀ ਰੂਹ ਚੰਡੀਗੜ੍ਹ ਦੇ ਬਾਰਡਰ ‘ਤੇ ਬੈਠੀ ਹੈ। ਸੂਰਜ ਸਰਦੀਆਂ ਦੀ ਧੁੰਦ ਦੀ ਚਾਦਰ ਲਿਪੇਟ ਕੇ ਛੁਪ ਗਿਆ। ਸੜਕਾਂ ਤੇ ਧੁੰਦਲਾ ਚਾਨਣ ਬਿਖੇਰਦੀਆਂ ਲਾਈਟਾਂ ਹੇਠ ਖੜੇ ਟਰੈਕਟਰ ਟਰਾਲੀਆਂ ਦੀਆਂ ਲੰਮੀਆਂ ਲਾਈਨਾ। ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੁੱਜੇ ਕਿਸਾਨ ਅਤੇ ਬੀਬੀਆਂ। ਬੀਵੀ ਨਵਕਿਰਨ ਸਿੱਧੂ ਨਾਲ ਮੈਂ ਗਲੋਬਲ ਪੰਜਾਬ ਟੀ ਵੀ ਦੇ ਕੰਮ ਤੋ ਵੇਹਲੇ ਹੋਕੇ ਸਾਡੇ ਬੂਹੇ ਤੇ ਆਏ ਪੰਜਾਬ ਨੂੰ ਮਿਲਣ ਆ ਗਿਆ। ਜਿਸ ਨਾਲ ਗੱਲ ਕਰੋ , ਹੌਂਸਲੇ ਬੁਲੰਦ। ਗੱਲਾਂ ਕਰਦੇ ਹੀ ਬਾਹਾਂ ਖੜੀਆਂ ਕਰਕੇ ਜੈਕਾਰੇ ਛੱਡਣ ਲੱਗ ਜਾਂਦੇ ਹਨ।

ਮੈਂ ਆਪਣੇ 45 ਸਾਲ ਦੇ ਪੱਤਰਕਾਰੀ ਸਮੇਂ ਦੌਰਾਨ ਕਿਸੇ ਰਾਜਸੀ ਪਾਰਟੀ ਜਾਂ ਹੋਰ ਧਿਰਾਂ ਦੀ ਸਰਗਰਮੀ ਵਿੱਚ ਅਜਿਹਾ ਬੁਲੰਦ ਹੌਂਸਲਾ ਨਹੀਂ ਵੇਖਿਆ। ਲੋਹ ਤਵੀਆਂ ਉੱਤੇ ਰੋਟੀਆਂ ਬਣ ਰਹੀਆਂ ਹਨ। ਕਿਧਰੇ ਮਰਦ ਅਤੇ ਕਿਧਰੇ ਔਰਤਾਂ ਰੋਟੀਆਂ ਪਕਾ ਰਹੀਆਂ ਹਨ। ਕਿਧਰੇ ਟਰਾਲੀਆਂ ਨਾਲ ਕਤਾਰਾਂ ਵਿੱਚ ਲ਼ੰਗਰ ਵਰਤ ਰਿਹਾ ਹੈ। ਕੋਈ ਟੋਲੀਆਂ ਬਣਾ ਕੇ ਭਗਵੰਤ ਮਾਨ ਅਤੇ ਮੋਦੀ ਨੂੰ ਰਗੜੇ ਲਾ ਰਹੇ ਹਨ। ਜਿਹੜੀ ਪਰਾਲੀ ਦੇ ਧੂੰਏ ਨੂੰ ਲੈ ਕੇ ਕੁਝ ਧਿਰਾਂ ਵਲੋਂ ਦੇਸ਼ ਭਰ ਵਿਚ ਕਿਸਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ , ਉਹ ਹੀ ਪਰਾਲੀ ਦੀਆਂ ਟਰਾਲੀ ਵਿੱਚ ਵਿਛੀਆਂ ਮੋਟੀਆਂ ਤੈਹਾਂ ਉੱਤੇ ਲੱਗੀਆਂ ਦਰੀਆਂ ਉੱਪਰ ਕਈ ਸੌਣ ਦੀਆਂ ਤਿਆਰੀਆਂ ਕਰ ਰਹੇ ਹਨ। ਮੋਰਚੇ ਦੇ ਸਾਰੇ ਕੈਂਪ ਵਿਚ ਇਕ ਸਹਿਜ ਦਾ ਮਹੌਲ ਹੈ। ਉਨਾਂ ਦੇ ਚੇਹਰੇ ਦਸਦੇ ਹਨ ਕਿ ਅਜਿਹਾ ਸਾਰਾ ਕੁਝ ਤਾਂ ਉਨਾਂ ਨਾਲ ਵਾਪਰਨਾ ਹੀ ਹੈ। ਪੀਲੇ ਰੰਗ ਦੇ ਵੱਡੇ ਵੱਡੇ ਬੈਰੀਕੇਡ ਅਤੇ ਉਨਾਂ ਦੇ ਪਿਛੇ ਦੀਵਾਰ ਬਣੀ ਖੜੀ ਪੁਲੀਸ ਦੀ ਬੇਚੈਨੀ ਦਾ ਪਰਾਲੀਆਂ ਉਪਰ ਸੌਣ ਦੀ ਤਿਆਰੀ ਵਿੱਚ ਲੱਗੇ ਪੰਜਾਬ ਨੂੰ ਚਿੱਤ ਚੇਤਾ ਵੀ ਨਹੀਂ।  ਉਹ ਤਾਂ ਕੋਈ ਟਰਾਲੀ ਉੱਪਰ ਤਿਰਪਾਲ ਖਿੱਚ ਰਿਹਾ ਹੈ ਅਤੇ ਕੋਈ ਦੱਸ ਰਿਹਾ ਹੈ ਕਿ ਕੱਲ ਤੱਕ ਕਿੰਨੇ ਜਥੇ ਹੋਰ ਆ ਰਹੇ ਹਨ। ਮੈਂ ਆਪਣੀ ਬੀਵੀ ਨੂੰ ਕਿਹਾ ਕਿ ਪਤਾ ਲਗਦਾ ਹੈ ਕਿ ਕਿਵੇਂ ਸਾਡੇ ਵੱਡੇ-ਵਡੇਰਿਆਂ ਵਲੋਂ ਅਨਿਆਂ ਵਿਰੁੱਧ ਲੜਨ ਦਾ ਸੁਨੇਹਾ ਇਕ ਪੀੜੀਂ ਤੋਂ ਅਗਲੀ ਪੀੜੀ ਵਿੱਚ ਤੁਰਿਆ ਆ ਰਿਹਾ ਹੈ।

ਸ਼ਾਇਦ ਹਾਕਮਾਂ ਦੀ ਕਤਾਰ ਕਈ ਵਾਰ ਇਸ ਸੁਨੇਹੇ ਨੂੰ ਤਾਕਤ ਦੇ ਨਸ਼ੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਸੁਨੇਹਾ ਪੰਜਾਬ ਦੀ ਜਰਖੇਜ ਜ਼ਮੀਨ ਵਿਚੋਂ ਹਰ ਵਾਰ ਵਧੇਰੇ ਤਾਕਤ ਨਾਲ ਉੱਗਦਾ ਹੈ।

Share This Article
Leave a Comment