ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰਾਂ ਨੇ ਦਿੱਲੀ ਦੀਆਂ ਸੜਕਾਂ ਮੱਲ ਲਈਆਂ ਹਨ। ਇਹ ਮਾਰਚ ਦਿੱਲੀ ਦੇ ਚਾਰ ਰਸਤਿਓਂ ਸ਼ੁਰੂ ਕੀਤਾ ਗਿਆ।
ਮਾਰਚ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ ਰਾਜਧਾਨੀ ਲਈ ਆਉਣ ਵਾਲੇ ਟਰੈਕਟਰਾਂ ਦੀ ਪ੍ਰਸਤਾਵਿਤ ਪਰੇਡ ਤੋਂ ਪਹਿਲਾਂ ਇਹ ਰਿਹਰਸਲ ਵਾਂਗ ਹੈ।
ਸਵੇਰ 11 ਵਜੇ ਸਿੰਘੂ, ਟਿੱਕਰੀ, ਗਾਜੀਪੁਰ ਤੇ ਸ਼ਾਹਜਹਾਂਪੁਰ ਤੋਂ ਕੁੰਢਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਇਸ ਮਾਰਚ ਦੀਆਂ ਤਸਵੀਰਾਂ ‘ਤੇ ਵੀ ਇੱਕ ਨਜ਼ਰ ਮਾਰੋ –
ਟਰੈਕਟਰਾਂ ‘ਤੇ ਕਿਸਾਨੀ ਦੀ ਝੰਡੇ ਲਗਾ ਕੇ ਦਿੱਲੀ ਦੀਆਂ ਸੜਕਾਂ ‘ਤੇ ਕਿਸਾਨ ਨਿੱਤਰੇ ਹੋਏ ਹਨ।
ਇਸ ਟਰੈਕਟਰ ਮਾਰਚ ਵਿੱਚ ਜਿੱਥੇ ਨੌਜਵਾਨ ਡਟੇ ਹੋਏ ਹਨ ਉੱਥੇ ਹੀ ਬਜ਼ੁਰਗ ਮਹਿਲਾਵਾਂ ਵੀ ਟਰੈਕਟਰਾਂ ‘ਤੇ ਸਵਾਰ ਹਨ।
ਲੱਖਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ‘ਤੇ ਸਵਾਰ ਹੋ ਕੇ ਦਿੱਲੀ ਵਿੱਚ ਰੋਸ ਮਾਰਚ ਕੱਢ ਰਹੇ ਹਨ।
ਕਿਸਾਨਾਂ ਦੀ ਮੰਗ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਸਰਕਾਰ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ ਹੈ।
ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ 4 ਜਨਵਰੀ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਿੰਘੂ ਬਾਰਡਰ ‘ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਉਹ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕਰਨਗੇ।
ਪਰੇਡ ਦੀ ਅਗਵਾਈ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਕਰਨਗੀਆਂ। ਉਨ੍ਹਾਂ ਨੇ ਇਹ ਵੀ ਸੋਚ ਲਿਆ ਹੈ ਕਿ ਉਹ ਇਸ ਰੈਲੀ ਨੂੰ ਕਿਵੇਂ ਅੰਜਾਮ ਦੇਣਗੇ। ਹਰਿਆਣਾ ਦੀਆਂ ਲਗਭਗ 250 ਔਰਤਾਂ ਟਰੈਕਟਰ ਡਰਾਈਵਿੰਗ ਦੀ ਸਿਖਲਾਈ ਲੈ ਰਹੀਆਂ ਹਨ।