ਹਰਿਆਣਾ : ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਜੈਪੁਰ ਹਾਈਵੇ ਜਾਮ ਕਰਨ ਆਏ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰਸਤੇ ‘ਚ ਹੀ ਰੋਕ ਲਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਜੈਸਿੰਘਪੁਰ ਖੇੜਾ ਬਾਰਡਰ ‘ਤੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਰਾਜਸਥਾਨ ਹਰਿਆਣਾ ਦੀ ਸਰਹੱਦ ‘ਤੇ ਰੇਵਾੜੀ ਨੇੜੇ ਪੈਂਦੇ ਇਸ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹਾਲੇ ਤੱਕ ਵੀ ਜਾਰੀ ਹੈ।
ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਜਾ ਰਹੇ ਸੀ ਤਾਂ ਸਾਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ। ਹੁਣ ਕਿਸਾਨ ਜਥੇਬੰਦੀਆਂ ਜਦੋਂ ਸਾਨੂੰ ਬੁਲਾਉਣਗੀਆਂ ਅਸੀਂ ਸਾਰੇ ਨਾਕੇ ਤੋੜਦੇ ਹੋਏ ਦਿੱਲੀ ਬਾਰਡਰ ‘ਤੇ ਪਹੁੰਚ ਜਾਵਾਂਗੇ। ਫਿਲਹਾਲ ਅਸੀਂ ਉਦੋਂ ਤਕ ਜੈਸਿੰਘਪੁਰ ਖੇੜਾ ਬਾਰਡਰ ‘ਤੇ ਹੀ ਆਪਣਾ ਧਰਨਾ ਜਾਰੀ ਰੱਖਾਂਗੇ।
ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਅਸੀਂ 500 ਤੋਂ ਵੱਧ ਟਰੈਕਟਰ ਟਰਾਲੀਆਂ ‘ਚ ਸਵਾਰ ਹਾਂ, ਜਦੋਂ ਵੀ ਦਿੱਲੀ ਨੂੰ ਕੂਚ ਕਰਨ ਦਾ ਹੁਕਮ ਹੋਇਆ ਅਸੀਂ ਹਰਿਆਣਾ ਪੁਲਿਸ ਦੇ ਸਾਰੇ ਨਾਕੇ ਤੋੜਦੇ ਹੋਏ ਅੱਗੇ ਵਧਾਂਗੇ। 13 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਜਾਮ ਕਰਨ ਦਾ ਫ਼ੈਸਲਾ ਲਿਆ ਸੀ ਪਰ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਨਿਕਲੇ ਕਿਸਾਨਾਂ ਨੂੰ ਰਿਵਾੜੀ ਨੇੜੇ ਹੀ ਹਰਿਆਣਾ ਪੁਲਿਸ ਨੇ ਰੋਕ ਲਿਆ ਸੀ।