ਰਈਆ : ਕੇਂਦਰ ਸਰਕਾਰ ਦੇ ਤਿੰਨ ਕਿਸਾਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਦਾ ਪੰਜਾਬ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਸੜਕਾਂ ‘ਤੇ ਨਿਤਰੀਆਂ ਹੋਈਆਂ ਹਨ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰ ਰਹੀਆਂ ਹਨ। ਇਸੇ ਤਹਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੀਟੀ ਰੋਡ ਬਿਆਸ ਪੁਲ ‘ਤੇ ਮੋਦੀ ਸਰਕਾਰ ਖਿਲਾਫ ਧਰਨਾ ਦਿੱਤਾ।
ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਅਤੇ ਔਰਤਾਂ ਨੇ ਵੀ ਇਸ ਧਰਨਾ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਅੰਦਰ ਸ਼ਮੂਲੀਅਤ ਕੀਤੀ। ਬਿਆਸ ਪੁਲ ਤੇ ਕਿਸਾਨਾਂ ਦੇ ਇੱਡੇ ਵੱਡੇ ਇਕੱਠ ਨੂੰ ਦੇਖਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਪੁਲਿਸ ਦੀ ਵੱਡੀ ਗਿਣਤੀ ਵਿੱਚ ਬਿਆਸ ਪੁਲ ‘ਤੇ ਤਾਇਨਾਤੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਕਿਸਾਨ ਮਾਰੂ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੰਜਾਬ ਦੇ ਵਿੱਚ ਇਵੇਂ ਹੀ ਵਿਰੋਧ ਪ੍ਰਦਰਸ਼ਨ ਹੁੰਦੇ ਰਹਿਣਗੇ।
ਇਸੇ ਤਹਿਤ ਆੜ੍ਹਤੀ ਐਸੋਸੀਏਸ਼ਨ ਰਈਆ ਮੰਡੀ ਦੇ ਪ੍ਰਧਾਨ ਰਾਜੀਵ ਕੁਮਾਰ ਰਾਜੂ ਅਤੇ ਦੂਸਰੀ ਯੂਨੀਅਨ ਦੇ ਪ੍ਰਧਾਨ ਰਾਜਨ ਵਰਮਾ ਨੇ ਵੱਖ ਵੱਖ ਮੀਟਿੰਗਾਂ ਕਰਕੇ ਕਿਹਾ ਕਿ 15 ਸਤੰਬਰ ਨੂੰ ਅਨਾਜ ਮੰਡੀ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖ ਕੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।