ਮਾਨ ਸਰਕਾਰ ਅਤੇ ਕਿਸਾਨ ਹੋਏ ਆਹਮੋ ਸਾਹਮਣੇ

Global Team
4 Min Read

-ਜਗਤਾਰ ਸਿੰਘ ਸਿੱਧੂ

(ਮੈਨੇਜਿੰਗ ਡਾਇਰੈਕਟਰ)

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸੰਗਰੂਰ ‘ਚ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੀ ਹਿਮਾਇਤ ‘ਚ ਪਾਰਟੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਇਆ ਪੱਕਾ ਮੋਰਚਾ ਦਿੱਲੀ ਬਾਰਡਰ ‘ਚ ਲੱਗੇ ਪੱਕੇ ਮੋਰਚੇ ਦਾ ਭੁਲੇਖਾ ਪਾਉਂਦਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ ਅਤੇ ਮਰਦ ਹਰ ਰੋਜ਼ ਇਸ ਪੱਕੇ ਮੋਰਚੇ ‘ਚ ਚੱਲ ਰਹੀਆਂ ਰੈਲੀਆਂ ‘ਚ ਸ਼ਮੂਲੀਅਤ ਕਰਦੇ ਹਨ। ਇਸ ਕਿਸਾਨ ਅੰਦੋਲਨ ਦੀ ਖਾਸ ਗੱਲ ਇਹ ਵੀ ਹੈ ਕਿ ਪਿੰਡਾਂ ਤੋਂ ਕਿਸਾਨ ਔਰਤਾਂ ਵੱਡੀ ਗਿਣਤੀ ‘ਚ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਕਿਸਾਨਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੀਂ ਕਈ ਕਿਲੋਮੀਟਰ ਟਰਾਲੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕਿਸਾਨਾਂ ਵਲੋਂ ਇਨ੍ਹਾਂ ਟਰਾਲੀਆਂ ‘ਚ ਹੀ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਹੈ। ਇੱਥੋ ਤੱਕ ਕਿ ਆਉਣ ਵਾਲੇ ਦਿਨਾਂ ‘ਚ ਆ ਰਹੀ ਠੰਢ ਦੇ ਮੌਸਮ ਨੂੰ ਦੇਖਦਿਆਂ ਕਿਸਾਨਾਂ ਨੇ ਪਹਿਲਾਂ ਹੀ ਮੌਸਮ ਦੇ ਟਾਕਰੇ ਲਈ ਇੰਤਜ਼ਾਮ ਕੀਤੇ ਹੋਏ ਹਨ। ਸਥਿਤੀ ਇਹ ਬਣੀ ਹੋਈ ਹੈ ਕਿ ਬਾਰਿਸ਼ ਆਵੇ ਸਰਦੀ ਹੋਵੇ ਜਾਂ ਗਰਮੀ ਪਰ ਕਿਸਾਨ ਆਪਣੇ ਅੰਦੋਲਨ ਤੋਂ ਮੰਗਾਂ ਮਨਵਾਏ ਬਗੈਰ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨਾਂ ਵਲੋਂ ਰਿਵਾਇਤੀ ਢੰਗ ਨਾਲ ਆਪਣੇ ਲਈ ਲੰਗਰ ਦੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਹਨ। ਸਰਕਾਰ ਵਲੋਂ ਸ਼ੁਰੂ ‘ਚ ਇਹ ਸਮਝਿਆ ਜਾ ਰਿਹਾ ਸੀ ਕਿ ਕਿਸਾਨ ਰੋਸ ਪ੍ਰਗਟਾਵਾ ਕਰਕੇ ਘਰਾਂ ਨੂੰ ਵਾਪਣ ਚਲੇ ਜਾਣਗੇ ਪਰ ਹੁਣ ਸਥਿਤੀ ਅਜਿਹੀ ਨਹੀਂ ਹੈ।

ਪਾਰਟੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਵੱਡੀ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ 20 ਅਕਤੂਬਰ ਨੂੰ ਵੱਡੇ ਜਨਤਕ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਲੋਂ ਕਿਸਾਨਾਂ ਨੂੰ ਰੋਕਣ ਲਈ ਜਿਹੋ ਜੇ ਮਰਜ਼ੀ ਪ੍ਰਬੰਧ ਕਰ ਲਵੇ ਪਰ ਕਿਸਾਨ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ। ਅਜਿਹੀ ਸਥਿਤੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲਈ ਵੀ ਬਹੁਤ ਵੱਡੀ ਚੁਣੌਤੀ ਬਣ ਰਹੀ ਹੈ। ਪਿਛਲੀ 7 ਅਕਤੂਬਰ ਨੂੰ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਸਰਕਾਰ ਵਿਚਕਾਰ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਸੀ, ਪਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਜਿਸ ਕਰਕੇ ਕਿਸਾਨ ਅੰਦੋਲਨ ਦੇ ਰਾਹ ਤੁਰ ਪਏ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਵੀ ਲਾਗੂ ਕਰਨ ਲਈ ਤਿਆਰ ਨਹੀਂ ਹੈ। ਸਰਕਾਰ ਵਲੋਂ ਅਜੇ ਤੱਕ ਨਰਮੇ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਲਈ ਆਰਥਿਕ ਮਦਦ ਦੇਣ ਦੇ ਐਲਾਨ ਨੂੰ ਅਮਲ ‘ਚ ਨਹੀਂ ਲਿਆਂਦਾ ਗਿਆ ਹੈ। ਪਿਛਲੇ ਦਿਨੀਂ ਬੀਮਾਰੀ ਕਾਰਨ ਕਿਸਾਨਾਂ ਦੇ ਬਹੁਤ ਸਾਰੇ ਦੁਧਾਰੂ ਪਸ਼ੂ ਮਾਰੇ ਗਏ ਸਨ, ਪਰ ਕੋਈ ਮੁਆਵਜ਼ਾ ਨਹੀਂ ਮਿਲਿਆ। ਗੰਨੇ ਦੀ ਪੜਾਈ ਦਾ ਕੰਮ ਸਿਰ ‘ਤੇ ਹੈ, ਪਰ ਪ੍ਰਾਈਵੇਟ ਮਿੱਲਾਂ ਵਲੋਂ ਪਸੰਦ ਦਾ ਗੰਨਾ ਖਰੀਦਣ ਤੋਂ ਨਾਂਹ ਕਰ ਦਿੱਤੀ ਗਈ ਹੈ। ਅਜੇ ਤੱਕ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਵੀ ਪੂਰੀ ਤਰ੍ਹਾਂ ਨਹੀਂ ਮਿਲੀ। ਕਿਸਾਨਾਂ ਵਲੋਂ ਪੰਜਾਬ ਦੇ ਦਰਿਆਈ ਪਾਣੀ ਵਪਾਰਕ ਮੰਤਵ ਲਈ ਵੱਡੇ ਘਰਾਣਿਆ ਨੂੰ ਵੇਚਣ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਕਿਸਾਨਾਂ ਦੀਆਂ ਕਈ ਹੋਰ ਮੰਗਾਂ ਵੀ ਸਹਿਮਤੀ ਤੋਂ ਬਾਅਦ ਅਮਲ ‘ਚ ਨਹੀਂ ਆਈਆਂ। ਅੱਜ ਦੀ ਰੈਲੀ ‘ਚ ਕਿਸਾਨ ਨੇਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਕਿਸਾਨ ਸਰਕਾਰ ਦੇ ਹਰ ਕਿਸਾਨ ਵਿਰੋਧੀ ਫੈਸਲੇ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਸਾਵਧਾਨ ਕੀਤਾ ਹੈ ਕਿ ਧਾਰਮਿਕ ਵੱਖਰੇਵਿਆਂ ਰਾਹੀ ਕਿਸਾਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਸਾਨ ਇਨ੍ਹਾਂ ਦੀ ਕਿਸੇ ਚਾਲ ‘ਚ ਨਹੀਂ ਆਉਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment