ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਜਾਰੀ ਧਰਨੇ ਦੇ ਅੱਜ ਦੀਵਾਲੀ ਵਾਲੇ ਦਿਨ 400 ਦਿਨ ਪੂਰੇ ਹੋ ਗਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਮਹਿਜ਼ ਇੱਕ ਅੰਕੜਾ ਬਣ ਕੇ ਰਹਿ ਗਈ ਹੈ। ਸਾਡੇ ਲਈ ਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ ਹੀ ਮੱਛੀ ਦੀ ਅੱਖ ਹੈ। ਇਸ ਟੀਚੇ ਦੀ ਪ੍ਰਾਪਤੀ ਲਈ 400 ਦਿਨ ਲਈ ਸੰਘਰਸ਼ ਕਰਨਾ ਪਵੇ ਜਾਂ 1400 ਦਿਨ ਲਈ,ਕੋਈ ਮਾਅਨੇ ਨਹੀਂ ਰੱਖਦਾ। ਦਿਨਾਂ ਦਾ ਇਹ ਅੰਕੜਾ ਤਾਂ ਹੁਣ ਅੰਦੋਲਨ ਜਿੱਤਣ ਬਾਅਦ ਹੀ ਰੁਕੇਗਾ।
ਅੱਜ ਬੰਦੀ-ਛੋੜ ਦਿਵਸ ਵੀ ਹੈ ਇਸ ਦਿਨ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਇਸ ਮੌਕੇ ਧਰਨਿਆਂ ‘ਤੇ ਗੁਰੂ ਜੀ ਦੇ ਜੀਵਨ ਤੇ ਸਿਖਿਆਵਾਂ ਬਾਰੇ ਚਰਚਾ ਕੀਤੀ ਜਾਵੇਗੀ।