ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਵੀਰਵਾਰ ਨੂੰ ਟਿੱਕਰੀ, ਗਾਜ਼ੀਪੁਰ ਸਰਹੱਦਾਂ ‘ਤੇ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਣਾ ਸ਼ੁਰੂ ਕਰ ਦਿਤਾ ਹੈ, ਜਿੱਥੇ ਹਜ਼ਾਰਾਂ ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਸੀਮਿੰਟ ਦੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਇਥੇ ਜਿਹੜੀਆਂ ਕਿੱਲਾਂ ਗੱਡੀਆਂ ਹੋਈਆਂ ਸਨ ਉਨ੍ਹਾਂ ਨੂੰ ਵੀ ਪੱਟ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ-ਹਰਿਆਣਾ ਨੂੰ ਆਪਸ ਵਿੱਚ ਜੋੜਨ ਵਾਲੇ ਪ੍ਰਮੁੱਖ ਮਾਰਗਾਂ ‘ਤੇ ਕਿਸਾਨਾਂ ਨੇ ਪਿਛਲੇ 11 ਮਹੀਨਿਆਂ ਤੋਂ ਡੇਰਾ ਲਾਇਆ ਹੋਇਆ ਹੈ। ਜਿਸ ਕਾਰਨ ਇਹ ਰਸਤੇ ਬੰਦ ਹੋ ਚੁੱਕੇ ਹਨ। ਰਸਤੇ ਬੰਦ ਹੋਣ ਕਾਰਨ ਆਲੇ ਦੁਆਲੇ ਦੇ ਉਦਯੋਗਾਂ ਅਤੇ ਰਿਹਾਇਸ਼ ‘ਤੇ ਪੜਨ ਵਾਲੇ ਅਸਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ।ਸੁਪਰੀਮ ਕੋਰਟ ਨੇ ਮਾਮਲਾ ਨੋਟਿਸ ਵਿੱਚ ਲੈਂਦੇ ਹੋਏ ਹਰਿਆਣਾ ਸਰਕਾਰ ਨੂੰ ਰਸਤਾ ਖੁੱਲ੍ਹਵਾਉਣ ਨੂੰ ਲੈ ਕੇ ਜਵਾਬ ਮੰਗਿਆ ਸੀ। ਹਰਿਆਣਾ ਸਰਕਾਰ ਨੇ ਇਸ ਦੇ ਲਈ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ। ਕਮੇਟੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਰਸਤਾ ਦਿੱਲੀ ਪੁਲਿਸ ਵੱਲੋਂ ਬੰਦ ਕੀਤਾ ਗਿਆ ਹੈ। ਦੱਸ ਦਈਏ ਕਿ ਟਿਕਰੀ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਤੱਕ ਪਹਿਲਾਂ ਤੋਂ ਹੀ ਰਸਤਾ ਖੁੱਲ੍ਹਾ ਹੋਇਆ ਹੈ।
ਦਿੱਲੀ ਪੁਲਿਸ ‘ਤੇ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੇ ਰਾਹ ਨਹੀਂ ਰੋਕਿਆ, ਸਗੋਂ ਪੁਲਿਸ ਨੇ ਰਾਹ ਰੋਕਿਆ ਹੈ। ਉਥੇ ਹੀ ਬੈਰੀਕੇਡਿੰਗ ਹੱਟਣ ਨਾਲ ਦਿੱਲੀ ਤੋਂ ਰੋਹਤਕ ਦਾ ਰਾਹ ਖੁਲ੍ਹ ਸਕਦਾ ਹੈ, ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਰਾਹ ਖੋਲ੍ਹਿਆ ਜਾਵੇਗਾ ਕਿ ਨਹੀਂ।