ਵਿਧਾਇਕ ਜਗਦੇਵ ਸਿੰਘ ਕਮਾਲੂ ਖ਼ਿਲਾਫ਼ ਫੁੱਟਿਆ ਕਿਸਾਨਾਂ ਦਾ ਗੁੱਸਾ, ਦਿਖਾਈਆਂ ਕਾਲੀਆਂ ਝੰਡੀਆਂ

TeamGlobalPunjab
2 Min Read

ਮੌੜ ਮੰਡੀ / ਬਠਿੰਡਾ (ਪਰਮਿੰਦਰ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ।ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਦਿੱਤੇ ਬਿਆਨ ਤੋਂ ਬਾਅਦ ਹੁਣ ਕਾਂਗਰਸੀ ਆਗੂਆਂ ਖਿਲਾਫ਼ ਵੀ ਕਿਸਾਨ ਜਥੇਬੰਦੀਆਂ ਦਾ ਗੁੱਸਾ ਭੜਕਦਾ ਹੋਇਆ ਦਿਖਾਈ ਦੇ ਰਿਹਾ ਹੈ। ਐਤਵਾਰ ਨੂੰ ਮੌੜ ਮੰਡੀ ‘ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

 

 

- Advertisement -

ਇੱਕ ਭੋਗ ਸਮਾਗਮ ਵਿੱਚ ਜਗਦੇਵ ਕਮਾਲੂ ਦੇ ਪਹੁੰਚਣ ਦੀ ਖ਼ਬਰ ਜਿਵੇਂ ਹੀ ਕਿਸਾਨਾਂ ਤੱਕ ਪੁੱਜੀ ਤਾਂ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਮੌਕੇ ਤੇ ਪਹੁੰਚ ਗਏ। ਇਸ ਦੌਰਾਨ ਇੱਕਠੇ ਹੋਏ ਕਿਸਾਨਾਂ ਨੇ ਕਮਾਲੂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਜਤਾਇਆ ਅਤੇ ਕਮਾਲੂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ।

 

  ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਿਧਾਇਕ ਸਾਬ ਨੂੰ ਫਟਾਫਟ ਗੱਡੀ ‘ਚ ਬੈਠ ਕੇ ਉੱਥੋ ਭੱਜਣਾ ਪਿਆ । ਜਗਦੇਵ ਕਮਾਲੂ ਇੱਥੇ ਕਿਸੇ ਦੇ ਅੰਤਿਮ ਅਰਦਾਸ ਸਮਾਰੋਹ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਜਗਦੇਵ ਕਮਾਲੂ ਨੂੰ ਕਿਸ ਤਰ੍ਹਾਂ ਭਾਜੜਾਂ ਪਈਆਂ ਵੇਖੋ ਮੌਕੇ ਦੀਆਂ ਤਸਵੀਰਾਂ (ਹੇਠਾਂ ਵੇਖੋ ਵੀਡੀਓ)

 

- Advertisement -

ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਜਗਦੇਵ ਸਿੰਘ ਕਮਾਲੂ ਵੋਟਾਂ ਦੀ ਤਿਆਰੀ ਕਰ ਰਿਹਾ ਹੈ, ਅਸੀਂ ਇਸੇ ਕਰਕੇ ਉਸਦਾ ਵਿਰੋਧ ਕਰ ਰਹੇ ਹਾਂ। ਨਾਲ ਹੀ ਕਿਸਾਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਏਨੀ ਜਲਦੀ ਸੰਯੁਕਤ ਕਿਸਾਨ ਮੋਰਚਾ ਉਸਨੂੰ ਮੁਆਫ਼ੀ ਨਹੀਂ ਦੇਵੇਗਾ।

ਕਿਸਾਨ ਜਥੇਬੰਦੀਆਂ ਨੇ ਮੁੜ ਐਲਾਨ ਕੀਤਾ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ, ਉਸ ਸਮੇਂ ਤੱਕ ਅਸੀਂ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਵੜਣ ਨਹੀਂ ਦੇਵਾਂਗੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ। ਨਾਲ ਹੀ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣਾ ਵਿਰੋਧ ਜਾਰੀ ਰੱਖਣ ਦੀ ਗੱਲ ਵੀ ਆਖੀ।

Share this Article
Leave a comment