ਜਗਤਾਰ ਸਿੰਘ ਸਿੱਧੂ
ਕਿਸਾਨ ਜਥੇਬੰਦੀਆਂ ਵਿਚ ਕਿਸਾਨੀ ਮੰਗਾਂ ਉਤੇ ਸਾਂਝੀ ਲੜਾਈ ਲੜਨ ਦੇ ਮੁੱਦੇ ਏਕੇ ਨੂੰ ਲੈਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਸਹਿਮਤੀ ਬਨਾਉਣ ਲਈ ਅਹਿਮ ਮੀਟਿੰਗ ਭਲਕੇ ਚੰਡੀਗੜ੍ਹ ਵਿਚ ਸੱਦੀ ਹੋਈ ਹੈ । ਇਸ ਸਥਿਤੀ ਦਾ ਅਹਿਮ ਪਹਿਲੂ ਇਹ ਹੈ ਕਿ ਆਮ ਕਿਸਾਨਾਂ ਲਈ ਏਕੇ ਦਾ ਦਬਾ ਹੋਣ ਕਾਰਨ ਕਿਸਾਨ ਆਗੂ ਏਕੇ ਦੇ ਹੱਕ ਵਿੱਚ ਤਾਂ ਇਕ ਦੂਜੇ ਤੋਂ ਅੱਗੇ ਹੋਕੇ ਬੋਲਦੇ ਹਨ ਪਰ ਏਕਾ ਜਮੀਨੀ ਹਕੀਕਤ ਵਿੱਚ ਕਿਉਂ ਨਹੀਂ ਬਦਲ ਰਿਹਾ? ਕੀ ਅੰਦੋਲਨ ਵਿਚ ਕਿਸਾਨਾਂ ਦੀ ਸ਼ਹਾਦਤ ਨਾਲੋਂ ਕਿਸਾਨ ਆਗੂਆਂ ਦੀ ਹਾਉਮੇ ਵੱਡੀ ਹੈ?
ਹੁਣ ਜਿਹੜੀ ਚੰਡੀਗੜ੍ਹ ਭਲਕੇ ਮੀਟਿੰਗ ਹੋ ਰਹੀ ਹੈ ਉਸ ਦਾ ਸੱਦਾ ਕਈ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਸੀ । ਬਾਰਾਂ ਫਰਵਰੀ ਦੀ ਚੰਡੀਗੜ ਮੀਟਿੰਗ ਲਈ ਤਾਂ ਸ਼ੰਭੂ ਬਾਰਡਰ ਤੇ ਅੰਦੋਲਨ ਦੀ ਅਗਵਾਈ ਕਰ ਰਹੇ ਆਗੂ ਸਰਵਣ ਸਿੰਘ ਪੰਧੇਰ ਨੇ ਬਕਾਇਦਾ ਮੀਡੀਆ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਉਹ ਚੰਡੀਗੜ੍ਹ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਕਿਉਂਕਿ ਉਹ ਤਾਂ ਮੁਕੰਮਲ ਏਕੇ ਦੇ ਹਾਮੀ ਹਨ। ਉਨਾਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ 14 ਫਰਵਰੀ ਦੀ ਕੇਂਦਰ ਨਾਲ ਚੰਡੀਗੜ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਾ ਆਇਆ ਤਾਂ 25 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਪੈਦਲ ਕੂਚ ਕਹਨਗੇ। ਪੰਧੇਰ ਨੇ ਇਹ ਵੀ ਕਿਹਾ ਸੀ ਚੰਡੀਗੜ੍ਹ ਮੀਟਿੰਗ ਵਿੱਚ ਖਨੌਰੀ ਮੋਰਚੇ ਦੇ ਆਗੂ ਵੀ ਜਾਣਗੇ । ਅੱਜ ਖਨੌਰੀ ਮੋਰਚੇ ਦੇ ਆਗੂਆਂ ਨੇ ਇਕ ਦਿਨ ਪਹਿਲਾਂ ਸਾਫ ਆਖ ਦਿੱਤਾ ਕਿ ਭਲਕੇ ਖਨੌਰੀ ਵਿਖੇ ਕਿਸਾਨਾਂ ਦਾ ਵੱਡਾ ਇਕਠ ਹੋ ਰਿਹਾ ਹੈ ਅਤੇ ਉਹ ਮਜਬੂਰੀ ਦੀ ਸਥਿਤੀ ਵਿੱਚ ਮੀਟਿੰਗ ਵਿਚ ਨਹੀਂ ਜਾ ਸਕਦੇ ਪਰ ਕੇਂਦਰ ਦੀ ਮੀਟਿੰਗ ਤੋਂ ਬਾਅਦ ਰੱਖੀ ਜਾਣ ਵਾਲੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ ।ਉਨਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਕਿਸਾਨ ਆਗੂ ਪੰਧੇਰ ਮੀਟਿੰਗ ਵਿੱਚ ਲਏ ਫੈਸਲੇ ਨੂੰ ਆਪਣੇ ਤੌਰ ਤੇ ਹਾਂ ਨਹੀਂ ਕਰ ਸਕਦੇ ਸਗੋਂ ਉਹ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਆਗੂਆਂ ਦੀ ਸਾਂਝੀ ਮੀਟਿੰਗ ਵਿੱਚ ਰਾਇ ਦੇਣਗੇ। ਖਨੌਰੀ ਮੋਰਚੇ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪੰਧੇਰ ਨੂੰ 25 ਫਰਵਰੀ ਨੂੰ ਦਿੱਲੀ ਨੂੰ ਪੈਦਲ ਮਾਰਚ ਦਾ ਐਲਾਨ ਕੇਂਦਰ ਨਾਲ ਮੀਟਿੰਗ ਦੇ ਸਿੱਟੇ ਵੇਖ ਕਰਨਾ ਚਾਹੀਦਾ ਸੀ। ਖਨੌਰੀ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਬਾਰਾਂ ਫਰਵਰੀ ਦੀ ਮੀਟਿੰਗ ਪਹਿਲਾਂ ਰਾਇ ਕਰਕੇ ਰੱਖੀ ਹੁੰਦੀ ਤਾਂ ਇਹ ਸਥਿਤੀ ਨਹੀਂ ਹੋਣੀ ਸੀ । ਇਨਾਂ ਸਾਰੇ ਸਵਾਲਾਂ ਦਾ ਜਵਾਬ ਤਾਂ ਕਿਸਾਨ ਧਿਰਾਂ ਦੇ ਆਗੂ ਹੀ ਦੇ ਸਕਦੇ ਹਨ ਕਿ ਮੀਟਿੰਗ ਲਈ ਸਹਿਮਤੀ ਕਿਉਂ ਨਹੀਂ ਬਣੀ? ਸਵਾਲ ਤਾਂ ਵੱਡਾ ਇਹ ਹੈ ਦਿੱਲੀ ਬਾਰਡਰ ਤੇ ਲੜੇ ਅੰਦੋਲਨ ਦੌਰਾਨ ਵੱਖ ਵੱਖ-ਵੱਖ ਕਾਰਨਾਂ ਕਰਕੇ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਗਏ ।ਹੁਣ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਅੰਦੋਲਨ ਦੌਰਾਨ ਕਈ ਕਿਸਾਨ ਜਾਨਾਂ ਵਾਰ ਗਏ। ਕਿੰਨੇ ਮੋਰਚਿਆਂ ਨੂੰ ਆਉਂਦੇ ਹਾਦਸਿਆਂ ਦਾ ਸ਼ਿਕਾਰ ਹੋ ਗਏ । ਕਿੰਨੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਗਏ ਅਤੇ ਪਤਾ ਨਹੀਂ ਕਿੰਨੇ ਕੇਸ ਭੁਗਤ ਰਹੇ । ਕਿੰਨੇ ਪਰਿਵਾਰ ਆਪਣੇ ਬਾਪ ਜਾਂ ਪੁੱਤ ਨੂੰ ਅੰਦੋਲਨ ਫਤਿਹ ਕਰਨ ਲਈ ਪਿੰਡਾਂ ਤੋਂ ਟਰਾਲੀਆਂ ਭਰ ਭਰ ਕੇ ਮੋਰਚਿਆਂ ਨੂੰ ਭੇਜਦੇ ਹਨ । ਮੋਰਚਿਆਂ ਵਿੱਚ ਬੈਠੇ ਪਤਾ ਨਹੀਂ ਕਿੰਨੀਆਂ ਸਰਦੀਆਂ ਅਤੇ ਧੁੱਪਾਂ ਆਪਣੇ ਪਿੰਡੇ ਤੇ ਹੰਢਾ ਰਹੇ ਹਨ। ਇੰਨਾਂ ਪਰਿਵਾਰਾਂ ਲਈ ਸ਼ਾਇਦ ਇਹ ਸਮਝ ਤੋਂ ਬਾਹਰ ਹੈ ਕਿ ਮੋਦੀ ਦੀ ਹਾਉਮੇ ਨਾਲੋਂ ਵੀ ਕਿਸਾਨ ਆਗੂਆਂ ਦੀ ਕੇਵਲ ਮੀਟਿੰਗ ਰੱਖਣ ਲਈ ਹਾਉਮੇ ਵੱਡੀ ਹੈ?
ਸੰਪਰਕ/9814002186