ਚੰਡੀਗੜ੍ਹ: ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) (ਗੈਰ-ਸਿਆਸੀ) ਵੱਲੋਂ ਸੱਦੇ ਗਏ ਪੰਜਾਬ ਵਿੱਚ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ। ਕਿਸਾਨਾਂ ਨੇ ਪੰਜਾਬ ਜੰਮੂ ਬਾਰਡਰ ਨੂੰ ਵੀ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਮਾਧੋਪੁਰ ਬਾਰਡਰ ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਬਾਰਡਰ ਰਾਹੀਂ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀ ਹੋ ਰਹੀ। ਇਹ ਪ੍ਰਦਰਸ਼ਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਮਰਥਨ ਕਰਦਾ ਹੈ, ਜੋ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਸੁਧਾਰਾਂ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ‘ਤੇ ਹਨ।
ਇਹ ਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 35ਵੇਂ ਦਿਨ ਦੇ ਮੌਕੇ ‘ਤੇ ਕੀਤਾ ਗਿਆ ਹੈ, ਜਿਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਲੁਧਿਆਣਾ ਦੇ ਦੁਕਾਨਦਾਰਾਂ ਨੇ ਇਸ ਬੰਦ ਨੂੰ ਸਮਰਥਨ ਦਿੱਤਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੱਤਾ ਹੈ।
ਪਟਿਆਲਾ ਵਿਖੇ ਕਿਸਾਨ ਸੜਕਾਂ ਉੱਪਰ ਉੱਤਰ ਆਏ ਨੇ ਕਿਸਾਨਾਂ ਨੇ ਧਰੇੜੀ ਜੱਟਾਂ ਸਥਿਤ ਟੋਲ ਪਲਾਜ਼ੇ ਨੂੰ ਜਾਮ ਕਰ ਦਿੱਤਾ ਹੈ। ਉੱਥੋਂ ਲੰਘਣ ਵਾਲੀਆਂ ਗੱਡੀਆਂ ਨੂੰ ਵਾਪਿਸ ਮੋੜਿਆ ਜਾ ਰਿਹਾ ਹੈ।
ਕਿਸਾਨਾਂ ਨੇ ਜਲੰਧਰ ਦੇ ਧੰਨੋਵਾਲੀ ਰੇਲਵੇ ਫਾਟਕ ਨੇੜੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਜਿਸ ਕਾਰਨ ਹਾਈਵੇਅ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ।
ਕਿਸਾਨਾਂ ਨੇ ਪੰਜਾਬ ਜੰਮੂ ਬਾਰਡਰ ਨੂੰ ਵੀ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ ਮਾਧੋਪੁਰ ਬਾਰਡਰ ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਬਾਰਡਰ ਰਾਹੀਂ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀ ਹੋ ਰਹੀ।
ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਉੱਪਰ ਧਰਨਾ ਲਗਾ ਦਿੱਤਾ ਹੈ। ਜਿਸ ਕਾਰਨ ਅੰਬਾਲਾ ਦਿੱਲੀ ਤੋਂ ਜਾਣ ਵਾਲੀਆਂ ਰੇਲਾਂ ਦਾ ਕੁਨੇਕਸ਼ਨ ਲੁਧਿਆਣਾ ਅੰਮ੍ਰਿਤਸਰ, ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲੋਂ ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 150 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।