ਰਾਜਪੁਰਾ: ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਖਿਲਾਫ਼ ਦਿੱਲੀ ਜਾਣ ਲਈ ਬਾਜ਼ਿੱਦ ਹਨ। ਪਰ ਹਰਿਆਣਾ ਸਰਕਾਰ ਵੱਲੋਂ ਉਹਨਾਂ ਦਾ ਰਾਹ ਰੋਕਿਆ ਜਾ ਰਿਹਾ ਹੈ। ਹਰਿਆਣਾ ਰਾਜਪੁਰਾ ਵਿਖੇ ਸ਼ੰਭੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਨੂੰ ਵੀ ਪੁਲਿਸ ਨੇ ਰੋਕਿਆ ਹੋਇਆ ਸੀ। ਜਿਸ ਤੋਂ ਬਾਅਦ ਕਿਸਾਨ ਬੈਰੀਕੇਡਿੰਗ ਤੋੜ ਅੱਗੇ ਵੱਧ ਗਏ। ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਸਖਤੀ ਪੰਜਾਬ ਦੇ ਕਿਸਾਨਾਂ ਦੇ ਰੋਸ ਅੱਗੇ ਟਿੱਕ ਨਾ ਸਕੀ। ਕਿਸਾਨਾਂ ਨੇ ਬੈਰੀਕੇਡਿੰਗ ਨੂੰ ਸੜਕਾਂ ਤੋਂ ਉਖਾੜ ਦਿੱਤਾ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਡੇ ਕਾਫਿਲੇ ਦੇ ਨਾਲ ਦਿੱਲੀ ਵੱਲ ਨੂੰ ਵੱਧ ਗਏ ਹਨ।
ਇਸ ਤੋਂ ਪਹਿਲਾਂ ਸਵੇਰੇ 10 ਵਜੇ ਦੇ ਕਰੀਬ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਉਹਨਾਂ ‘ਤੇ ਅਥਰੂ ਗੈਸ ਦੇ ਗੋਲੋ ਦਾਗੇ ਸਨ ਅਤੇ ਕਿਸਾਨਾਂ ਦੇ ਇਕੱਠ ਨੂੰ ਖਦੇੜਨ ਦੇ ਲਈ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਸੀ। ਪਰ ਕਿਸਾਨ ਹਰਿਆਣਾ ਪੁਲਿਸ ਦੇ ਤਸ਼ੱਦਦ ਅੱਗੇ ਮਜ਼ਬੂਤ ਥੰਮ ਵਾਂਗ ਡਟੇ ਰਹੇ। ਜਿਸ ਤੋਂ ਬਾਅਦ ਕਿਸਾਨਾਂ ਨੇ ਅੱਕ ਕੇ ਸ਼ੰਭੂ ਸਰਹੱਦ ‘ਤੇ ਕੀਤੀ ਗਈ ਨਾਕਾਬੰਦੀ ਨੂੰ ਤੋੜ ਦਿੱਤਾ।