ਰੇਵਾੜੀ : ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦਿਨ ਪ੍ਰਤੀ ਦਿਨ ਅੰਦੋਲਨ ਵੱਧਦਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੀ ਸਰਹੱਦ ‘ਤੇ ਬੈਠੇ ਰਾਜਸਥਾਨ ਦੇ ਕਿਸਾਨਾਂ ਨੇ ਵੀ ਹੁਣ ਆਪਣੇ ਚਾਲੇ ਦਿੱਲੀ ਵੱਲ ਨੂੰ ਪਾ ਲਏ ਹਨ। ਪੰਜਾਬ ਦੇ ਕਿਸਾਨਾਂ ਵਾਂਗ ਰਾਜਸਥਾਨ ਦੇ ਕਿਸਾਨਾਂ ਨੇ ਵੀ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਅਤੇ ਸਾਰੇ ਨਾਕੇ ਤੋੜ ਦਿੱਤੇ ਹਨ। ਇਹਨਾਂ ਕਿਸਾਨਾਂ ਨੂੰ ਪਿਛਲੇ 18 ਦਿਨਾਂ ਤੋਂ ਰੇਵਾੜੀ-ਰਾਜਸਥਾਨ ਨੇੜੇ ਜੈਸਿੰਘਪੁਰ ਖੇੜਾ ਸਰਹੱਦ ‘ਤੇ ਡੱਕਿਆ ਹੋਇਆ ਸੀ। ਕਿਸਾਨ ਇੱਥੇ ਹੀ ਧਰਨਾ ਦੇ ਕੇ ਬੈਠ ਗਏ ਸਨ। ਜਿਵੇਂ ਜਿਵੇਂ ਦਿਨ ਬੀਤਦੇ ਗਏ ਕਿਸਾਨਾਂ ਦਾ ਇੱਕਠ ਇਸ ਸਰਹੱਦ ‘ਤੇ ਵਧਦਾ ਗਿਆ। ਟਰੈਕਟਰ ਟਰਾਲੀਆਂ ‘ਚ ਦੂਰ ਦੂਰ ਤੋਂ ਕਿਸਾਨ ਇਸ ਨਾਕੇ ‘ਤੇ ਪਹੁੰਚ ਚੁੱਕੇ ਸਨ। ਪਰ ਅੱਜ ਇਹਨਾਂ ਕਿਸਾਨਾਂ ਦਾ ਸਬਰ ਟੁੱਟ ਗਿਆ ਤੇ ਹਰਿਆਣਾ ਪੁਲਿਸ ਦੇ ਸਾਰੇ ਨਾਕੇ ਤੋੜ ਦਿੱਤੇ।
ਇਸ ਤੋਂ ਪਹਿਲਾਂ ਜਦੋਂ 26 ਨਵੰਬਰ ਨੂੰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਤਾਂ ਹਰਿਅਣਾ ਪੁਲਿਸ ਨੇ ਰਾਹ ‘ਚ ਨਾਕੇ ਲਗਾ ਲਏ ਸਨ। ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬੌਰਡਰ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਦੇ ਕਿਸਾਨਾਂ ਨੂੰ ਅੰਬਾਲਾ ਨੇੜੇ ਬੈਰੀਕੇਡ ਲਗਾ ਕੇ ਰੋਕਣ ਦੀ ਤਿਆਰੀ ਕੀਤੀ। ਪਰ ਇਹਨਾਂ ਕਿਸਾਨਾਂ ਨੇ ਪਾਣੀ ਦੀਆਂ ਬੁਛਾੜਾਂ ਝੱਲਦੇ ਹੋਏ ਅਥਰੂ ਗੈਸ ਦੇ ਗੋਲਿਆਂ ਵਿਚਾਲੇ ਸਾਰੀਆਂ ਰੋਕਾਂ ਤੋੜ ਦਿੱਤੀਆਂ ਸੀ ਅਤੇ ਅੱਜ ਮੁੜ ਤੋਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ।