ਕਰਨਾਲ ‘ਚ ਕਿਸਾਨਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ‘ਚ ਹਾਈਵੇਅ ਕੀਤੇ ਜਾਮ

TeamGlobalPunjab
3 Min Read

ਕਰਨਾਲ/ਚੰਡੀਗੜ੍ਹ/ਰਾਜਪੁਰਾ/ਪੰਚਕੂਲਾ : ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਕਰਨਾਲ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਤਿੱਖਾ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਅਨੇਕਾਂ ਥਾਵਾਂ ਤੇ ਕਿਸਾਨਾਂ ਨੇ ਹਾਈਵੇ ਅਤੇ ਟੋਲ ਪਲਾਜ਼ਾ ਜਾਮ ਕਰ ਦਿੱਤੇ ਹਨ।

ਕਰਨਾਲ ਦੇ ਘਰੌਂਡਾ ਟੋਲ ਟੈਕਸ ‘ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵਲੋਂ ਭਾਰੀ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਖੱਟਰ ਖ਼ਿਲਾਫ਼ ਨਾਅਰੇਬਾਜ਼ੀ ਹੋਰ ਤੇਜ਼ ਕਰ ਦਿੱਤੀ।

ਕਰਨਾਲ ‘ਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਰਾਜਪੁਰਾ-ਸ਼ੰਭੂ ਬੈਰੀਅਰ ਤੇ ਜਾਮ ਲਗਾ ਦਿੱਤਾ ਹੈ। ਇਸ ਜਾਮ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਪੁਲਿਸ ਪ੍ਰਸ਼ਾਸਨ ਰਾਜਪੁਰਾ ਨੇ ਦਿੱਲੀ ਸਾਈਡ ਜਾਣ ਵਾਲੀ ਆਵਾਜਾਈ ਨੂੰ ਵਾਇਆ ਬਨੂੰੜ-ਡੇਰਾ ਬੱਸੀ ਭੇਜਣਾ ਸ਼ੁਰੂ ਕਰ ਦਿੱਤਾ ਹੈ।

- Advertisement -

ਪੁਲਿਸ ਨੇ ਸੜਕ ‘ਤੇ ਰੋਕ ਲਾ ਦਿੱਤੀ ਹੈ ਅਤੇ ਦਿੱਲੀ-ਅੰਬਾਲਾ ਜਾਣ ਵਾਲੀਆਂ ਸਵਾਰੀਆਂ ਨੂੰ ਰਾਹ ਵਿਚ ਹੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

 

ਪੰਚਕੂਲਾ :

ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਨਾਰਾਜ਼ ਸੈਂਕੜੇ ਕਿਸਾਨਾਂ ਨੇ ਸੂਰਜਪੁਰ ਨੇੜੇ ਜ਼ੀਰਕਪੁਰ-ਕਾਲਕਾ ਟੋਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਸ਼ਨੀਵਾਰ ਨੂੰ ਟੋਲ ਦੇ ਦੋਵੇਂ ਪਾਸੇ ਟ੍ਰੈਫਿਕ ਜਾਮ ਹੋ ਗਿਆ।

- Advertisement -

ਜਾਣਕਾਰੀ ਅਨੁਸਾਰ ਜਿਵੇਂ ਹੀ ਕਿਸਾਨਾਂ ਨੇ ਕਰਨਾਲ ਵਿਖੇ ਕਿਸਾਨਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਖਬਰ ਸੁਣੀ, ਉਹ ਪੰਚਕੂਲਾ ਦੇ ਚੰਡੀਮੰਦਰ ਟੋਲ ਪਲਾਜ਼ਾ (ਸੂਰਜਪੁਰ) ਵਿਖੇ ਇਕੱਠੇ ਹੋਏ ਅਤੇ ਮੁੱਖ ਮੰਤਰੀ ਖੱਟਰ ਅਤੇ ਰਾਜ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਹਨ।

ਉਧਰ ਭਾਕਿਯੂ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਰਨਾਲ ਦੇ ਟੋਲ ਪਲਾਜ਼ਾ ‘ਤੇ ਲਾਠੀਚਾਰਜ ਦੇ ਵਿਰੋਧ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ ਅਤੇ ਸਾਰੇ ਕਿਸਾਨਾਂ ਨੂੰ ਆਪਣੇ ਖੇਤਰ ਵਿੱਚ ਟੋਲ ਅਤੇ ਸੜਕਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਇਹ ਪੁਲਿਸ ਅਤੇ ਸਰਕਾਰ ਦੀ ਗੁੰਡਾਗਰਦੀ ਹੈ। ਸਰਕਾਰ ਬੇਰਹਿਮੀ ‘ਤੇ ਉਤਰ ਆਈ ਹੈ। ਕਿਸਾਨਾਂ ਨੂੰ ਹਰਿਆਣਾ ਅਤੇ ਨੇੜਲੇ ਰਾਜਾਂ ਵਿੱਚ ਵੀ ਜਾਮ ਲਗਾਉਣਾ ਚਾਹੀਦਾ ਹੈ।

 

ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਫਤਿਹਾਬਾਦ-ਚੰਡੀਗੜ੍ਹ ਸੜਕ ਜਾਮ ਕਰ ਦਿੱਤੀ। ਕਿਸਾਨ ਢਾਣੀ-ਗੋਪਾਲ ਨੇੜੇ ਹਾਈਵੇਅ ‘ਤੇ ਬੈਠ ਗਏ ਹਨ।

Share this Article
Leave a comment