ਕਿਸਾਨਾਂ ਨੇ ਲਾਈਵ ਪ੍ਰੋਗਰਾਮ ਵਿੱਚ ਖੇਤੀ ਸਮੱਸਿਆਵਾਂ ਬਾਰੇ ਮਾਹਿਰਾਂ ਤੋਂ ਪੁਛੇ ਸੁਆਲ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਨਾਲ ਵੱਡੀ ਪੱਧਰ ‘ਤੇ ਕਿਸਾਨਾਂ ਦਾ ਜੁੜਨਾ ਜਾਰੀ ਹੈ । ਇਸ ਸੰਬੰਧੀ ਕਰਵਾਏ ਗਏ ਲਾਈਵ ਪ੍ਰੋਗਰਾਮ ਵਿੱਚ ਖੇਤੀ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਗੱਲ ਕੀਤੀ ਗਈ। ਸਭ ਤੋਂ ਪਹਿਲਾਂ ਇਸ ਪੰਦਰਵਾੜੇ ਦੇ ਕਾਰ-ਵਿਹਾਰਾਂ ਸੰਬੰਧੀ ਜਾਣਕਾਰੀ ਡਾ. ਇੰਦਰਪ੍ਰੀਤ ਕੌਰ ਨੇ ਦਿੱਤੀ।
ਇਸ ਤੋਂ ਬਾਅਦ ਪਾਪਲਰ ਦੀ ਖੇਤੀ ਸੰਬੰਧੀ ਜਾਣਕਾਰੀ ਦੇਣ ਦੇ ਲਈ ਵਣ ਅਤੇ ਕੁਦਰਤੀ ਸੋਮੇ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਆਂਕੜਿਆਂ ਦੇ ਨਾਲ ਦੱਸਿਆ ਕਿ ਪਾਪਲਰ ਦੀ ਖੇਤੀ ਨਾਲ ਅਸੀਂ ਜ਼ਿਆਦਾ ਮੁਨਾਫ਼ਾ ਖੱਟ ਸਕਦੇ ਹਾਂ। ਪਾਪਲਰ ਦੀ ਖੇਤੀ ਸੰਬੰਧੀ ਨਰਸਰੀ ਤਿਆਰ ਕਰਨ ਜਾਂ ਬੂਟੇ ਰਾਖਵੇਂ ਕਰਾਉਣ ਸੰਬੰਧੀ ਉਹਨਾਂ ਵਿਭਾਗ ਨਾਲ ਸੰਪਰਕ ਕਰਨ ਨੂੰ ਕਿਹਾ । ਡਾ. ਚੌਹਾਨ ਨੇ ਟੋਇਆਂ ਦੀ ਪੁਟਾਈ ਤੋਂ ਲੈ ਕੇ ਪਾਪਲਰ ਦੇ ਮੰਡੀਕਰਨ ਤੱਕ ਜ਼ਰੂਰੀ ਨੁਕਤੇ ਸਾਂਝੇ ਕੀਤੇ।
ਇਸ ਉਪਰੰਤ ਯੂਨੀਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ । ਉਹਨਾਂ ਪਿਛਲੇ ਸਾਲਾਂ ਦੇ ਤਾਪਮਾਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅੱਜਕੱਲ ਤਾਪਮਾਨ ਔਸਤ ਤੋਂ ਘੱਟ ਚਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਠੰਢੀਆਂ ਹਵਾਵਾਂ ਧੁੰਦ ਅਤੇ ਕੋਰਾ ਰਹੇਗਾ । ਉਹਨਾਂ ਵਿਸ਼ੇਸ਼ ਤੌਰ ਤੇ ਵਿਭਾਗ ਵੱਲੋਂ ਕੀਤੀ ਜਾਂਦੀ ਭਵਿੱਖਬਾਣੀ ਦੇ ਕਾਰਜ ਸੰਬੰਧੀ ਚਾਨਣਾ ਪਾਇਆ । ਉਹਨਾਂ ਕਣਕਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸੰਬੰਧੀ ਕੁਝ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ । ਇਸ ਉਪਰੰਤ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੰਬੰਧੀ ਡਾ. ਲਵਲੀਸ਼ ਗਰਗ ਬਤੌਰ ਮਾਹਿਰ ਸ਼ਾਮਿਲ ਹੋਏ । ਉਹਨਾਂ ਅਗਲੇ ਹਫ਼ਤੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਿ੍ਰਸ਼ੀ ਵਿਗਿਆਨ ਕੇਂਦਰਾਂ ਵਿੱਚ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹ ਪੀ.ਏ.ਯੂ. ਲਾਈਵ ਦਾ 30ਵਾਂ ਅੰਕ ਸੀ। ਸਫ਼ਲਤਾ ਪੂਰਵਕ 30 ਅੰਕ ਮੁਕੰਮਲ ਹੋਣ ਤੱਕ ਇਹ ਪ੍ਰੋਗਰਾਮ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਕਾਫ਼ੀ ਹਰਮਨ ਪਿਆਰਾ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਪ੍ਰੋਗਰਾਮ ਵਿੱਚ ਉਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣੇ ਦੇ ਕਿਸਾਨ ਵੀ ਸਵਾਲ ਪੁੱਛਦੇ ਹਨ ਅਤੇ ਭਵਿੱਖ ਵਿੱਚ ਇਸ ਦੀ ਮਿਆਦ ਵਧਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ।

Share This Article
Leave a Comment