ਨਵੀਂ ਦਿੱਲੀ: ਟਰੈਕਟਰ ਪਰੇਡ ‘ਚ ਹਿੰਸਾ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਅਗਲੀ ਉਲੀਕੇ ਪ੍ਰੋਗਰਾਮ ਮੁਅੱਤਲ ਕਰ ਦਿੱਤੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਹੈ ਕਿ 1 ਫਰਵਰੀ ਨੂੰ ਕੱਢੇ ਜਾਣ ਵਾਲੇ ਸੰਸਦ ਮਾਰਚ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਜਾਵੇਗਾ।
ਸੰਸਦ ਵੱਲ ਕੂਚ ਕਰਨ ਸਬੰਧੀ ਅਗਲੀ ਮੀਟਿੰਗ ‘ਚ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ 30 ਜਨਵਰੀ ਨੂੰ ਦੇਸ਼ ਭਰ ਵਿੱਚ ਜਨ ਸਭਾਵਾਂ ਕੀਤੀਆਂ ਜਾਣਗੀਆਂ ਅਤੇ ਇੱਕ ਦਿਨ ਲਈ ਭੁੱਖ ਹੜਤਾਲ ਰੱਖੀ ਜਾਵੇਗੀ। ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਕੇਂਦਰ ਸਰਕਾਰ ਦੀ ਸਾਜਿਸ਼ ਦਾ ਸ਼ਿਕਾਰ ਹੋਈ ਹੈ। ਸਰਕਾਰ ਨੇ ਹੀ ਟਰੈਕਟਰ ਪਰੇਡ ‘ਚ ਮਾਹੌਲ ਖ਼ਰਾਬ ਕਰਨ ਲਈ ਹਿੰਸਾ ਭੜਕਾਉਣ ਦੀ ਪਲਾਨਿੰਗ ਕੀਤੀ ਸੀ। ਸੰਯੁਕਤ ਮੋਰਚੇ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ਅੰਦੋਲਨ ਵਿੱਚ ਹਿੰਸਾ ਫੈਲਾਉਣ ਪਿੱਛੇ ਸਾਡਾ ਕੋਈ ਹੱਥ ਨਹੀਂ ਹੈ। ਇਹ ਸਾਫ਼ ਹੋ ਗਿਆ ਹੈ ਕਿ ਅਦਾਕਾਰ ਦੀਪ ਸਿੱਧੂ ਜੋ ਆਰਐਸਐਸ ਅਤੇ ਕੇਂਦਰ ਸਰਕਾਰ ਦਾ ਨੁਮਾਇੰਦਾ ਹੈ। ਸਰਕਾਰ ਨੇ ਉਸ ਨੂੰ ਹੀ ਮਾਹੌਲ ਖ਼ਰਾਬ ਕਰਨ ਲਈ ਭੇਜਿਆ ਸੀ।