ਵਾਤਾਵਰਨ ਦਾ ਰਖਵਾਲਾ ਬਣਿਆ ਪਿੰਡ ਠੱਠਾ ਦਾ ਕਿਸਾਨ ਮਨਪ੍ਰੀਤ ਸਿੰਘ

TeamGlobalPunjab
2 Min Read

ਬਟਾਲਾ – ਫ਼ਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਠੱਠਾ ਦੇ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ ਵਲੋਂ ਪਿਛਲੇ 7 ਸਾਲਾਂ ਤੋਂ ਪਰਾਲੀ ਤੇ ਨਾੜ ਨੂੰ ਬਿਨਾਂ ਅੱਗ ਲਗਾਏ ਖੇਤੀ ਕੀਤੀ ਜਾ ਰਹੀ ਹੈ। ਮਨਪ੍ਰੀਤ ਸਿੰਘ ਨੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜਿਥੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਯੋਗਦਾਨ ਪਾਇਆ ਹੈ ਉੱਥੇ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਮਨਪ੍ਰੀਤ ਵੱਲ ਦੇਖ ਕੇ ਉਸਦੇ ਪਿੰਡ ਅਤੇ ਇਲਾਕੇ ਦੇ ਹੋਰ ਕਿਸਾਨ ਨੇ ਵੀ ਫਸਲੀ ਰਹਿੰਦ ਨੂੰ ਅੱਗ ਲਗਾਉਣੀ ਛੱਡ ਦਿੱਤੀ ਹੈ।

ਮਨਪ੍ਰੀਤ ਸਿੰਘ ਨੇ ਆਪਣੇ ਤਜ਼ਰਬੇ ਦੱਸਦਿਆਂ ਕਿਹਾ ਕਿ ਉਹ 12 ਏਕੜ ਵਿੱਚ ਖੇਤੀ ਕਰ ਰਿਹਾ ਹੈ। ਉਹ ਹਰ ਸਾਲ ਕਣਕ ਦੇ ਨਾੜ ਦੀ ਤੂੜੀ ਬਣਾ ਲੈਂਦਾ ਹੈ ਅਤੇ ਝੋਨੇ ਦੀ ਪਰਾਲੀ ਪਸ਼ੂਆਂ ਲਈ ਇਕੱਠੀ ਕਰ ਲੈਂਦਾ ਹੈ। ਉਸਨੇ ਦੱਸਿਆ ਕਿ ਵਾਧੂ ਪਰਾਲੀ ਤੇ ਤੂੜੀ ਨੂੰ ਉਹ ਮੁੱਲ ਵੀ ਵੇਚ ਦਿੰਦਾ ਹੈ, ਜਿਸ ਨਾਲ ਉਸ ਨੂੰ ਆਰਥਿਕ ਤੌਰ ’ਤੇ ਵੀ ਫ਼ਾਇਦਾ ਹੁੰਦਾ ਹੈ। ਉਸਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਸਾਂਭਣ ਤੋਂ ਬਾਅਦ ਜੀਰੋ ਟਿੱਲ ਸੀਡ ਡਰਿੱਲ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤਰਾਂ ਕਰਨ ਨਾਲ ਉਸਨੂੰ ਖੇਤਾਂ ਵਿੱਚ ਖਾਦ ਵੀ ਘੱਟ ਪਾਉਣੀ ਪੈਂਦੀ ਹੈ। ਉਸਨੇ ਦੱਸਿਆ ਕਿ ਅੱਗ ਨਾ ਲਗਾਉਣ ਕਾਰਨ ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ ਅਤੇ ਉਸਦੀਆਂ ਫਸਲਾਂ ਦਾ ਝਾੜ ਵੀ ਵੱਧ ਨਿਕਲ ਰਿਹਾ ਹੈ।

ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸਨੂੰ ਖੇਤੀਬਾੜੀ ਅਧਿਕਾਰੀਆਂ ਨੇ ਅੱਗ ਨਾਂ ਲਗਾਉਣ ਦੀ ਸਲਾਹ ਦਿੱਤੀ ਸੀ, ਜਿਸ ਉੱਪਰ ਅਮਲ ਕਰਦਿਆਂ ਉਹ ਮਾਹਿਰਾਂ ਦੀ ਸਲਾਹ ਅਨੁਸਾਰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ। ਉਸਨੇ ਕਿਹਾ ਕਿ ਅੱਗ ਲਗਾਉਣ ਦੇ ਬਹੁਤ ਸਾਰੇ ਨੁਕਸਾਨ ਹਨ। ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ, ਉੱਥੇ ਹੀ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਕਿਸਾਨ ਮਨਪ੍ਰੀਤ ਸਿੰਘ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਨ।

Share this Article
Leave a comment