ਨਵੀਂ ਦਿੱਲੀ:- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਭਗਵਾਨ ਹਨੂੰਮਾਨ ਤੇ ਮਹਾਤਮਾ ਗਾਂਧੀ ਵੀ ‘ਅੰਦੋਲਨਜੀਵੀ’ ਸਨ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰੇ, ਉਨ੍ਹਾਂ ਨੂੰ ਫੜ ਕੇ ਜੇਲ੍ਹ ‘ਚ ਨਹੀਂ ਸੁੱਟਣਾ ਚਾਹੀਦਾ।
ਇਸ ਤੋਂ ਪਹਿਲਾਂ ਬੀਤੇ ਐਤਵਾਰ ਨੂੰ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਰਕਾਰ ਨੂੰ ਸ਼ਾਂਤੀ ਨਾਲ ਨਹੀਂ ਬੈਠਣ ਦਿੱਤਾ ਜਾਵੇਗਾ। ਕਰਨਾਲ ਜ਼ਿਲ੍ਹੇ ਦੀ ਇੰਦਰੀ ਅਨਾਜ ਮੰਡੀ ਵਿਖੇ ਕਿਸਾਨਾਂ ਦੀ ‘ਮਹਾਂਪੰਚਾਇਤ’ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਅਗਵਾਈ ਕਰ ਰਹੇ 40 ਆਗੂ ਦੇਸ਼ ਭਰ ‘ਚ ਘੁੰਮਣਗੇ ਤੇ ਹਮਾਇਤ ਦੀ ਅਪੀਲ ਕਰਨਗੇ।
ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ, ਟਿਕੈਤ ਨੇ ਬੀਤੇ ਐਤਵਾਰ ਨੂੰ ਕਿਹਾ, “ਜਦ ਤੱਕ ਸਰਕਾਰ ਸਾਡੇ ਹੱਕ ‘ਚ ਫੈਸਲਾ ਨਹੀਂ ਲੈਂਦੀ, ਕਮੇਟੀ ਨਾਲ ਗੱਲ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਲਈ ਸਹਿਮਤ ਨਹੀਂ ਹੁੰਦੀ, ਅਸੀਂ ਉਨ੍ਹਾਂ ਨੂੰ ਚੈਨ ਨਾਲ ਬੈਠਣ ਨਹੀਂ ਦੇਵਾਂਗੇ।”