ਹਰਿਆਣਾ : ਇੱਥੋਂ ਦੇ ਭਿਵਾਨੀ ਵਿਚ ਕਿਸਾਨਾਂ ਦਾ ਦਿੱਲੀ ਨੂੰ ਜਾ ਰਿਹਾ ਕਾਫ਼ਲਾ ਹਾਦਸੇ ਦਾ ਸ਼ਿਕਾਰ ਹੋ ਗਿਆ । ਭਵਾਨੀ ਦੇ ਪਿੰਡ ਮੁੰਢਾਲ ਵਿੱਚ ਦਿੱਲੀ ਸਿਰਸਾ ਹਾਈਵੇ ‘ਤੇ ਕਿਸਾਨਾਂ ਦੀ ਟਰਾਲੀ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੌਰਾਨ ਟਰਾਲੀ ‘ਤੇ ਬੈਠਾ ਇੱਕ ਕਿਸਾਨ ਹੇਠਾਂ ਸੜਕ ਤੇ ਡਿੱਗ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।
ਕਿਸਾਨ ਜਥੇਬੰਦੀ ਦਾ ਇਹ ਕਾਫ਼ਲਾ ਇੱਕ ਟਰੈਕਟਰ ਮਗਰ ਦੋ ਟਰਾਲੀਆਂ ਪਾ ਕੇ ਦਿੱਲੀ ਨੂੰ ਕੂਚ ਕਰ ਰਿਹਾ ਸੀ। ਜਿਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਟਰਾਲੀ ‘ਚ ਟੱਕਰ ਮਾਰ ਦਿੱਤੀ। ਜਿਸ ਕਾਰਨ ਹਾਦਸਾ ਵਾਪਰਿਆ ਹੈ। ਇਹ ਘਟਨਾ ਸਵੇਰੇ ਚਾਰ ਵਜੇ ਦੇ ਕਰੀਬ ਦੀ ਹੈ।
ਮ੍ਰਿਤਕ ਕਿਸਾਨ ਦੀ ਸ਼ਨਾਖਤ ਧੰਨਾ ਸਿੰਘ ਪਿੰਡ ਚਹਿਲਾਂ ਵਾਲੀ ਜ਼ਿਲ੍ਹਾ ਮਾਨਸਾ ਵਜੋਂ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਹਿਸਾਰ ਨੈਸ਼ਨਲ ਹਾਈਵੇ ‘ਤੇ ਹੀ ਧਰਨਾ ਲਗਾ ਲਿਆ ਅਤੇ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਇਕ ਸਰਕਾਰੀ ਨੌਕਰੀ ਅਤੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪ੍ਰਸ਼ਾਸਨ ਨੇ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤਕ ਦਿੱਲੀ ਨੈਸ਼ਨਲ ਹਾਈਵੇ ‘ਤੇ ਹੀ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ।