ਫਰੀਦਾਬਾਦ: ਫੈਕਟਰੀ ‘ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ; ਪੁਲਿਸ ਮੁਲਾਜ਼ਮਾਂ ਸਮੇਤ 42 ਲੋਕ ਝੁਲਸੇ! ਕਈਆਂ ਦੀ ਹਾਲਤ ਗੰਭੀਰ

Global Team
3 Min Read

ਹਰਿਆਣਾ : ਫਰੀਦਾਬਾਦ ਜ਼ਿਲ੍ਹੇ ਦੇ ਸੈਕਟਰ 24 ਵਿੱਚ ਬੀਤੀ ਸ਼ਾਮ ਇਕ ਕੰਪਨੀ ਵਿੱਚ ਸੀ.ਐੱਨ.ਸੀ. (CNC) ਮਸ਼ੀਨ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਡਰੰਮ ਵਿੱਚ ਰੱਖੇ ਕੈਮੀਕਲ ਨੇ ਅੱਗ ਫੜ ਲਈ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਬਲਾਸਟ ਹੋਣ ਲੱਗੇ ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਕੈਮੀਕਲ ਦੀ ਵਰਤੋਂ ਮੈਟਲ ਸ਼ੀਟ ਕੱਟਣ ਸਮੇਂ ਕੀਤੀ ਜਾਂਦੀ ਸੀ। ਹਾਦਸੇ ਵਿੱਚ ਹੁਣ ਤੱਕ 42 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ, 2 ਫਾਇਰ ਬ੍ਰਿਗੇਡ ਕਰਮਚਾਰੀ ਅਤੇ ਕੰਪਨੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੇ ਨਾਲ-ਨਾਲ ਉੱਥੋਂ ਲੰਘਣ ਵਾਲੇ ਰਾਹਗੀਰ ਵੀ ਸ਼ਾਮਲ ਹਨ।

ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੀਤੀ ਦੇਰ ਰਾਤ ਦਿੱਲੀ ਪੁਲਿਸ ਦੀ ਮਦਦ ਨਾਲ ਬਣਾਏ ਗਏ ਗ੍ਰੀਨ ਕੋਰੀਡੋਰ ਰਾਹੀਂ ਅੱਠ ਲੋਕਾਂ ਨੂੰ ਏਮਜ਼ ਅਤੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਬਾਕੀਆਂ ਦਾ ਇਲਾਜ ਫਰੀਦਾਬਾਦ ਦੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮਾਲਕ ਵਿਜੇ ਮੋਗਰ ਵੀ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਝੁਲਸ ਗਏ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਧਮਾਕੇ ਦੇ ਸਮੇਂ ਉਹ ਇਮਾਰਤ ਵਿੱਚ ਮੌਜੂਦ ਸਨ। ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।

ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਫੈਕਟਰੀ ਦੇ ਬਾਹਰ ਸਟੋਰ ਕੀਤੇ ਕੈਮੀਕਲ ਡਰੱਮ ਇੱਕੋ ਸਮੇਂ ਫਟਦੇ ਦਿਖਾਈ ਦੇ ਰਹੇ ਹਨ। ਫੈਕਟਰੀ ਵਿੱਚ ਅੱਗ ਲੱਗਣ ਸਮੇਂ, ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਰਾਹਗੀਰ ਨੇੜੇ ਖੜ੍ਹੇ ਸਨ, ਪਰ ਜਿਵੇਂ ਹੀ ਧਮਾਕਾ ਹੋਇਆ ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਿਆ। ਧਮਾਕਾ ਇੰਨਾ ਭਿਆਨਕ ਸੀ ਕਿ ਅੱਗ ਦਾ ਗੁਬਾਰ 50 ਮੀਟਰ ਤੱਕ ਉੱਠਦਾ ਦੇਖਿਆ ਗਿਆ।

ਨਾਲ ਹੀ ਇਸ ਹਾਦਸੇ ਵਿੱਚ ਇੱਕ ਦਰਜਨ ਕਾਰਾਂ ਅਤੇ ਬਾਈਕਾਂ ਨੂੰ ਅੱਗ ਲੱਗ ਗਈ। ਇਹ ਸਾਰੀਆਂ ਫੈਕਟਰੀ ਦੇ ਬਾਹਰ ਖੜ੍ਹੀਆਂ ਸਨ। ਕਾਰਾਂ ਅਤੇ ਬਾਈਕ ਅੱਗ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ। ਧਮਾਕੇ ਕਾਰਨ ਲੱਗੀ ਅੱਗ ਨੇ ਨੇੜੇ ਖੜ੍ਹੇ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ

ਐਸ.ਡੀ.ਐਮ. (SDM) ਤ੍ਰਿਲੋਕ ਚੰਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਨੇ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫੈਕਟਰੀ ਦੇ ਆਸ-ਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪ੍ਰਸ਼ਾਸਨ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment