ਨਵੀਂ ਦਿੱਲੀ : ਪ੍ਰਸਿੱਧ ਜੋਤਸ਼ੀ ਬੇਜਾਨ ਦਾਰੂਵਾਲਾ ਦਾ ਸ਼ੁੱਕਰਵਾਰ ਨੂੰ 90 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਜਰਾਤ ਦੇ ਗਾਂਧੀਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਸਨ। ਹਾਲਾਂਕਿ ਦਾਰੂਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਤੋਂ ਇਨਕਾਰ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਪਿਛਲੇ ਹਫਤੇ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ।
ਬੇਜਾਨ ਦਾਰੂਵਾਲਾ ਦਾ ਜਨਮ 11 ਜੁਲਾਈ 1931 ਨੂੰ ਮੁੰਬਈ ‘ਚ ਹੋਇਆ ਸੀ। ਆਪਣੀ ਸਟੀਕ ਭਵਿੱਖਬਾਣੀ ਦਾ ਨਮੂਨਾ ਕਈ ਵਾਰ ਪੇਸ਼ ਕਰਨ ਵਾਲੇ ਬੇਜਾਨ ਦਾਰੂਵਾਲਾ ਪਾਰਸੀ ਪਰਿਵਾਰ ਨਾਲ ਸਬੰਧ ਰੱਖਦੇ ਸਨ। ਜੋਤਿਸ਼ ਦਾਰੂਵਾਲਾ ਨੇ 2014 ਅਤੇ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਜੇ ਗਾਂਧੀ ਦੀ ਮੌਤ, ਗੁਜਰਾਤ ਭੂਚਾਲ, ਕਾਰਗਿਲ ਯੁੱਧ ਅਤੇ 2004 ‘ਚ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ ਵੀ ਕੀਤੀ ਸੀ। ਬੇਜਾਨ ਦਾਰੂਵਾਲਾ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।
ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਵਿਜੈ ਰੂਪਾਣੀ ਨੇ ਟਵੀਟ ਕੀਤਾ ਕਿ ਪ੍ਰਸਿੱਧ ਜੋਤਸ਼ੀ ਬੇਜਾਨ ਦਾਰੂਵਾਲਾ ਦੇ ਦੇਹਾਂਤ ਤੋਂ ਉਹ ਬਹੁਤ ਦੁੱਖੀ ਹਨ। ਮੈਂ ਉਨ੍ਹਾਂ ਦੀ ਸਵਰਗੀ ਆਤਮਾ ਲਈ ਅਰਦਾਸ ਕਰਦਾ ਹਾਂ। ਮੇਰੀ ਸੰਵੇਦਨਾ।