ਤਾਰਾ ਸਿੰਘ ਸੰਧੂ ਦੇ ਦੇਹਾਂਤ ‘ਤੇ ਦੁਖ ਪ੍ਰਗਟਾਇਆ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ, ਪ੍ਰਸਿਧ ਨਾਟਕਕਾਰ, ਸਫ਼ਰਨਾਮਾ ਲੇਖਕ ਅਤੇ ਖੋਜੀ ਤਾਰਾ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ ਹਨ। ਤਾਰਾ ਸਿੰਘ ਸੰਧੂ ਬਹੁ-ਪੱਖੀ ਪ੍ਰਤਿਭਾ ਦਾ ਸਵਾਮੀ ਸੀ। ਸਾਹਿਤ ਸਿਰਜਣਾ ਅਤੇ ਰਾਜਨੀਤੀ ਦੇ ਖੇਤਰ ਵਿਚ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ। ਉਹ ਸਰਬ ਭਾਰਤ ਨੌਜਵਾਨ ਫੈਡਰੇਸ਼ਨ ਅਤੇ ਸਰਬ ਭਾਰਤ ਵਿਦਿਆਰਥੀ ਸਭਾ ਦਾ ਕੌਮੀ ਪੱਧਰ ਉਤੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਉਤੇ ਕਾਰਜਸ਼ੀਲ ਰਿਹਾ। ਉਸ ਨੇ ਪੰਜਾਬ ਦੀ ਖੱਬੇ-ਪੱਖੀ ਰਾਜਨੀਤੀ ਵਿਚ ਸਰਗਰਮ ਭਾਗੀਦਾਰੀ ਕੀਤੀ। ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਿਆ। ਲੇਖਕ ਵੱਜੋਂ ਉਸ ਦੀ ਪਛਾਣ ਉਸ ਦੇ ਨਾਟਕ ‘ਚੌਰਸ ਕਿੱਲ’, ‘ਬਾਬਰ’, ‘ਬਾਰ ਪਰਾਇ ਬੈਸਣਾ’, ‘ਗੂੰਗੇ ਬੋਲ’, ‘ਦੁੱਖ ਦਰਿਆਵਾਂ ਦੇ’ ਅਤੇ ‘ਰਤਨਾ ਕੁਮਾਰੀ’ ਆਦਿ ਨਾਟਕਾਂ ਨਾਲ ਬਣੀ। ਉਸ ਨੇ ਹੀਰ ਵਾਰਸ ਦਾ ਲੋਕ-ਧਾਰਾ ਦੀ ਦ੍ਰਿਸ਼ਟੀ ਤੋਂ ਅਧਿਅਨ ਕਰਕੇ ਪੀ. ਐੱਚ. ਡੀ. ਦੀ ਉਪਾਧੀ ਹਾਸਲ ਕੀਤੀ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਵੱਜੋਂ ਉਸ ਨੇ ਅਤਿਵਾਦ ਦੇ ਦਿਨਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਈ। ਅੱਜ ਸਵੇਰੇ 10 ਵਜੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਉਨ੍ਹਾਂ ਆਖਰੀ ਸਾਹ ਲਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਤਾਰਾ ਸਿੰਘ ਸੰਧੂ ਦੇ ਸੁਰਗਵਾਸ ਹੋ ਜਾਣ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ।

ਅਦਾਰਾ ਸੰਵੇਦਨਾ ਚੰਡੀਗੜ´ ਨੇ ਅਫਸੋਸ ਦਾ ਮਤਾ ਪਾ ਕੇੇ ´ਸੰਵੇਦਨਾ` ਦੇ ਕ੍ਮਵਾਰ  ਸਰਪ੍ਸਤ ਡਾ. ਰਬਿੰਦਰ ਨਾਥ ਸ਼ਰਮਾ, ਪ੍ਧਾਨ ਖ਼ੁਸ਼ਹਾਲ ਸਿੰਘ ਨਾਗਾ ਤੇ ਕਨਵੀਨਰ ਡਾ. ਲਾਭ ਸਿੰਘ ਖੀਵਾ ਨੇੇ ਸਾਂਝੇ ਤੌਰ`ਤੇ ਸ਼ਰਧਾਂਜਲੀ ਪੰਜਾਬੀ ਲੇਖਕ ਤੇ ਰਾਜਸੀ ਨੇਤਾ ਡਾ. ਤਾਰਾ ਸਿੰਘ ਸੰਧੂ ਨੂੰ ਅਜ਼ਾਦੀ ਦਿਵਸ ਸਮੇਂ ਬਾਘਾ -ਅਟਾਰੀ ਸਰਹੱਦ ´ਤੇ  ਰਾਜਾ ਪੋਰਸ  ਮੇਲੇ ਅਯੋਜਿਤ ਕਰਕੇ ਹਿੰੰਦ-ਪਾਕਿ ਦੋਸਤੀ ਦੇ ਸਿਰਜਕ ਵਜੋਂ ਯਾਦ ਕੀਤਾ |

ਅੰਮ੍ਰਿਤਸਰ : ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾ. ਤਾਰਾ ਸਿੰਘ ਸੰਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਤੇ ਅਗਾਂਹ ਵਧੂ ਖਿਆਲਾਂ ਦੇ ਮਾਲਕ ਸਨ।ਉਨ੍ਹਾਂ ਨੇ ਜਿੱਥੇ ਸਾਰੀ ਉਮਰ ਵਿਦਿਆਰਥੀ ਜੀਵਨ ਤੋਂ ਲੈ ਕੇ ਅੰਤ ਤੀਕ ਵੱਖ ਵੱਖ ਜਥੇਬੰਦੀਆਂ ਤੇ ਰਾਜਨੀਤਕ ਪਾਰਟੀਆਂ ਵਿਚ ਕੰਮ ਕੀਤਾ ਉੱਥੇ ਸਾਹਿਤਕ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਤਿੰਨ ਨਾਟਕਾਂ ਦੀਆਂ ਪੁਸਤਕਾਂ ਬਾਰ ਪਰਾਏ ਬੈਸਣਾ,ਬਾਬਰ ਤੇ ਸਪਾਰਟੈਕਸ ਲਿਖੀਆਂ। ਸਦੀ ਹੋਈ ਮਿਤਰਾਂ ਦੀ ਸਫ਼ਰਨਾਮਾ ਲਿਖਿਆ ਅਤੇ ਇਕ ਆਲੋਚਨਾ ਦੀ ਕਿਤਾਬ ਹੀਰ ਵਾਰਿਸ, ਲੋਕਯਾਨਿਕ ਆਧਾਰ ਲਿਖੀ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ , ਸਮਾਜਿਕ ਤੇ ਰਾਜਨੀਤਕ ਖੇਤਰ ਵਿਚ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Share This Article
Leave a Comment