ਨਵੀਂ ਦਿੱਲੀ: ਇਕ ਹੀ ਦਿਨ ‘ਚ ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਸਮੇਤ ਕਰੀਬ 25 ਤੋਂ 30 ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਸਨ। ਹੁਣ ਐਤਵਾਰ ਨੂੰ ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ਅਤੇ ਪੁਲਿਸ ਵਿਭਾਗ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਾਕਾ ਸੀਆਰਪੀਐਫ ਸਕੂਲ ਨੇੜੇ ਹੋਇਆ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਐਫਐਸਐਲ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਹੈ। ਇਸ ਘਟਨਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਧਮਾਕੇ ਕਾਰਨ ਆਸ-ਪਾਸ ਖੜ੍ਹੇ ਵਾਹਨਾਂ ਅਤੇ ਘਰਾਂ ਦੇ ਸ਼ੀਸ਼ੇ ਟੁੱਟਣ ਦੀ ਵੀ ਸੂਚਨਾ ਮਿਲੀ ਹੈ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਅਸਮਾਨ ਵਿੱਚ ਧੂੰਏਂ ਦੇ ਬੱਦਲ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਸਵੇਰੇ 7:50 ਵਜੇ ਦੇ ਕਰੀਬ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ।
ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਦੱਸਿਆ ਕਿ ਸਵੇਰੇ 7:47 ‘ਤੇ ਪੀਸੀਆਰ ਦੀ ਕਾਲ ਆਈ, ਜਿਸ ‘ਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਸੀਆਰਪੀਐੱਫ ਸਕੂਲ ਸੈਕਟਰ-14 ਰੋਹਿਣੀ ਨੇੜੇ ਕਾਫੀ ਜ਼ੋਰ ਨਾਲ ਧਮਾਕਾ ਹੋਇਆ ਹੈ।ਜਿਸ ਕਾਰਨ ਸਕੂਲ ਦੀ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਿਆ ਅਤੇ ਨਾਲ ਲੱਗਦੀ ਇੱਕ ਦੁਕਾਨ ਦੇ ਸ਼ੀਸ਼ੇ ਅਤੇ ਨੇੜੇ ਖੜੀ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ । ਹਾਲਾਂਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ, ਕ੍ਰਾਈਮ ਟੀਮ, ਐੱਫਐੱਸਐੱਲ ਟੀਮ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।