ਮਿਲਵਾਕੀ: ਕੋਰੋਨਾ ਵੈਕਸੀਨ ਬਰਬਾਦ ਕਰਨਾ ਇੱਕ ਫਾਰਮਾਸਿਸਟ ਨੂੰ ਇੰਨਾ ਮਹਿੰਗਾ ਮਹਿੰਗਾ ਪੈ ਗਿਆ ਕਿ ਉਸ ਨੂੰ ਕੈਦ ਦੀ ਸਜ਼ਾ ਹੋ ਗਈ। ਵਿਸਕਾਨਸਿਨ ਦੇ ਸਾਬਕਾ ਫਾਰਮਾਸਿਸਟ ਨੂੰ ਕੋਰੋਨਾ ਵੈਕਸੀਨ ਦੀਆਂ 500 ਤੋਂ ਵੱਧ ਖ਼ੁਰਾਕਾਂ ਬਰਬਾਦ ਕਰਨ ਦੇ ਦੋਸ਼ ਹੇਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਟੀਵਨ ਬ੍ਰੈਂਡਨਬਰਗ ਨਾਮ ਦੇ 46 ਸਾਲਾ ਸਾਬਕਾ ਫਾਰਮਾਸਿਸਟ ਨੇ ਫਰਵਰੀ ‘ਚ ਖਪਤਕਾਰ ਉਤਪਾਦ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕੀਤਾ ਸੀ।
ਬ੍ਰੈਂਡਨਬਰਗ ਨੇ ਮੰਨਿਆ ਸੀ ਕਿ ਮਿਲਵਾਕੀ ਦੇ ਉੱਤਰ ਵਿੱਚ ਸਥਿਤ ਆਰੋਰਾ ਮੈਡੀਕਲ ਸੈਂਟਰ ਵਿੱਚ ਉਸ ਨੇ ਮੌਡਰਨਾ ਦੀ ਵੈਕਸੀਨ ਨੂੰ ਕਈ ਘੰਟੇ ਤੱਕ ਰੈਫ੍ਰਿਜਰੇਟਰ ਤੋਂ ਬਾਹਰ ਰੱਖਿਆ ਸੀ। ਸਜ਼ਾ ਮਿਲਣ ਤੋਂ ਪਹਿਲਾਂ ਇੱਕ ਬਿਆਨ ਵਿੱਚ ਉਸਨੇ ਕਿਹਾ ਕਿ ਉਹ ਬਹੁਤ ਸ਼ਰਮਿੰਦਾ ਹੈ ਅਤੇ ਜੋ ਕੁੱਝ ਉਸ ਨੇ ਕੀਤਾ, ਉਸ ਦੀ ਜ਼ਿੰਮੇਵਾਰੀ ਲੈਂਦਾ ਹੈ।
ਆਰੋਰਾ ਨੇ ਦੱਸਿਆ ਕਿ ਬਰਬਾਦ ਕੀਤੀ ਗਈ ਜ਼ਿਆਦਾਤਰ ਵੈਕਸੀਨ ਨੂੰ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ ਉਦੋਂ ਤੱਕ 57 ਲੋਕਾਂ ਨੂੰ ਇਨ੍ਹਾਂ ‘ਚੋਂ ਕੁੱਝ ਟੀਕੇ ਲਗਾਏ ਜਾ ਚੁੱਕੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਖੁਰਾਕਾਂ ਹਾਲੇ ਵੀ ਪ੍ਰਭਾਵੀ ਹਨ, ਪਰ ਇਨ੍ਹਾਂ ਨੂੰ ਲੈ ਕੇ ਕਈ ਹਫ਼ਤੇ ਤੱਕ ਪੈਦਾ ਹੋਈ ਚਿੰਤਾਜਨਕ ਸਥਿਤੀ ਦੀ ਹਾਲਤ ‘ਚ ਵੈਕਸੀਨ ਲਗਵਾਉਣ ਵਾਲੇ ਪਰੇਸ਼ਾਨ ਹੋ ਗਏ ਸਨ।