ਇਮਰਾਨ ਖਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਜਾਨ ਬਚਾ ਕੇ ਪਹੁੰਚੇ ਭਾਰਤ

TeamGlobalPunjab
3 Min Read

ਲੁਧਿਆਣਾ: ਪਾਕਿਸਤਾਨ ‘ਚ ਰਹਿਣ ਵਾਲੇ ਘੱਟ ਗਿਣਤੀ ਦੇ ਲੋਕਾਂ ਦੇ ਹਾਲਾਤ ਚੰਗੇ ਨਹੀਂ ਹਨ ਇੱਥੋਂ ਤੱਕ ਕਿ ਉੱਥੋਂ ਦੇ ਵਿਧਾਇਕ ਵੀ ਮਹਿਫੂਜ਼ ਨਹੀਂ ਹਨ ਇਸ ਦਾ  ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣੇ ਪਰਿਵਾਰ ਸਮੇਤ ਜਾਨ ਬਚਾ ਕੇ ਆਪਣੇ ਸਹੁਰੇ ਘਰ ਖੰਨਾ ਆ ਗਏ ਹਨ।

ਪਾਕਿਸਤਾਨ ‘ਚ ਘੱਟ ਗਿਣਤੀ ਵਰਗਾਂ ‘ਤੇ ਹੁੰਦੇ ਜ਼ੁਲਮਾਂ ਕਾਰਨ ਬਲਦੇਵ ਨੇ ਮੁੜ ਆਪਣੇ ਮੁਲਕ ਵਾਪਸੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਲਦੇਵ ਕੁਮਾਰ ਦੇ ਮੁਤਾਬਕ ਉਸ ਦਾ ਵਿਆਹ 2001 ‘ਚ ਖੰਨਾ ਵਾਸੀ ਭਾਵਨਾ ਨਾਲ ਹੋਇਆ ਸੀ, ਉਨ੍ਹਾਂ ਦੀ 11 ਸਾਲਾਂ ਦੀ ਧੀ ਰੀਆ ਅਤੇ 10 ਸਾਲਾਂ ਦਾ ਪੁੱਤਰ ਸੈਮ ਪਾਕਿਸਤਾਨੀ ਨਾਗਰਿਕ ਹਨ।

ਵਿਆਹ ਸਮੇਂ ਉਹ ਪਕਿਸਤਾਨ ‘ਚ ਕੌਂਸਲਰ ਸਨ ਤੇ ਵਿਆਹ ਤੋਂ ਬਾਅਦ ਉਹ ਖੈਬਰ ਪਖਤੂਨਖਵਾ ਵਿਧਾਨ ਸਭਾ ਸੀਟ ਬਾਰੀਕੋਟ ਤੋਂ ਵਿਧਾਇਕ ਚੁਣੇ ਗਏ ਸੀ। ਸਾਲ 2016 ‘ਚ ਉਨ੍ਹਾਂ ਨੂੰ ਪਾਰਟੀ ਦੇ ਹੀ ਵਿਧਾਇਕ ਸੂਰਨ ਸਿੰਘ ਦੇ ਕਤਲ ਦੇ ਇਲਜ਼ਾਮ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਉਹ ਕੇਸ ‘ਚੋਂ ਬਰੀ ਹੋ ਗਏ ਸੀ ਅਤੇ ਵਿਧਾਨ ਸਭਾ ‘ਚ ਸਹੁੰ ਚੁੱਕ ਕੇ ਡੇਢ ਦਿਨ ਲਈ ਐੱਮਪੀਏ ਬਣੇ ਸੀ।

- Advertisement -

ਉਨਾਂ ਨੇ ਦੱਸਿਆ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਉਮੀਦ ਸੀ ਕਿ ਉਹ ਨਵਾਂ ਪਾਕਿਸਤਾਨ ਬਣਾਉਣਗੇ ਪਰ ਘੱਟ ਗਿਣਤੀ ਵਰਗਾਂ ‘ਤੇ ਜ਼ੁਲਮ ਹੋਰ ਵਧ ਗਏ। ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖਤਰਾ ਦੇਖਦਿਆਂ ਬਲਦੇਵ ਨੇ ਈਦ ਤੋਂ ਪਹਿਲਾਂ ਆਪਣਾ ਪਰਿਵਾਰ ਖੰਨੇ ਭੇਜ ਦਿੱਤਾ ਸੀ ਅਤੇ ੧੨ ਅਗਸਤ ਨੂੰ ਉਹ ਖ਼ੁਦ ਤਿੰਨ ਮਹੀਨੇ ਦੇ ਵੀਜ਼ੇ ‘ਤੇ ਭਾਰਤ ਆ ਗਏ। ਉਸ ਨੇ ਪੈਦਲ ਅਟਾਰੀ ਸਰਹੱਦ ਪਾਰ ਕੀਤੀ ਅਤੇ ਫਿਰ ਬੱਸ ਰਾਹੀਂ ਖੰਨਾ ਪਹੁੰਚੇ।

ਬਲਦੇਵ ਕੁਮਾਰ ਦੀ ਪਤਨੀ ਭਾਵਨਾ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਦੇਖ ਕੇ ਉਸ ਨੇ ਭਾਰਤ ਦੀ ਨਾਗਰਿਕਤਾ ਨਹੀਂ ਛੱਡੀ ਸੀ। ਪਾਕਿਸਤਾਨ ‘ਚ ਔਰਤਾਂ ਦਾ ਨੌਕਰੀ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਆਪਣੀ ਮਰਜ਼ੀ ਨਾਲ ਘਰੋਂ ਵੀ ਬਾਹਰ ਨਹੀਂ ਜਾ ਸਕਦੀਆਂ।

ਬਲਦੇਵ ਕੁਮਾਰ ਹੁਣ ਕਿਸੇ ਵੀ ਕੀਮਤ ‘ਤੇ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪਾਕਿਸਤਾਨ ‘ਚ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਦੱਸਣਗੇ ਅਤੇ ਭਾਰਤ ਰਹਿਣ ਲਈ ਨਾਗਰਿਕਤਾ ਦੇ ਨਾਲ-ਨਾਲ ਸਿਆਸੀ ਸ਼ਰਨ ਦੀ ਮੰਗ ਵੀ ਕਰਨਗੇ।

- Advertisement -
Share this Article
Leave a comment