ਅੰਮ੍ਰਿਤਸਰ: ਲਗਭਗ ਪੰਦਰਾਂ ਸਾਲ ਪਹਿਲਾਂ ਚਾਟੀਵਿੰਡ ਇਲਾਕੇ ਦੇ ਚੌਂਕ ਮੋਨੀ ਦੇ ਇੱਕ ਘਰ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਦੋਸ਼ੀਆਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਫ਼ੈਸਲਾ ਸੁਣਾਉਂਦਿਆਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ, ਜਿਨ੍ਹਾਂ ‘ਚ ਦੋ ਔਰਤਾਂ ਵੀ ਸ਼ਾਮਲ ਹਨ, ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਅਕਤੂਬਰ 2005 ਵਿੱਚ ਇੱਕ ਵਿਅਕਤੀ ਨੇ ਪਤਨੀ, ਬੇਟੇ, ਧੀ ਅਤੇ ਮਾਂ ਦੇ ਨਾਲ ਖੁਦਕੁਸ਼ੀ ਕਰ ਲਈ ਸੀ। ਵਿਅਕਤੀ ਅਤੇ ਪਰਿਵਾਰ ਨੇ ਖੁਦਕੁਸ਼ੀ ਦਾ ਕਾਰਨ ਘਰ ਦੀਆਂ ਦੀਵਾਰਾਂ ‘ਤੇ ਲਿਖਿਆ ਸੀ। ਉਨ੍ਹਾਂ ਨੇ ਇਸ ਪਿੱਛੇ ਐਸਐਸਪੀ ਕੁਲਤਾਰ ਸਿੰਘ ਸਣੇ ਆਪਣੇ ਚਾਰ ਰਿਸ਼ਤੇਦਾਰਾ ਸਰੀਨ, ਪਰਮਿੰਦਰ ਕੌਰ, ਮਹਿੰਦਰ ਅਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਦੱਸਿਆ ਸੀ।
ਮੌਜੂਦਾ ਇੰਸਪੈਕਟਰ ਅਤੇ ਇਸ ਸਮੇਂ ਡੀ ਐੱਸ ਪੀ ਅਹੁਦੇ ਤੇ ਤਾਇਨਾਤ ਹਰਦੇਵ ਸਿੰਘ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕੁਲਤਾਰ ਦੇ ਆਦੇਸ਼ ‘ਤੇ ਖੁਦਕੁਸ਼ੀ ਦੇ ਸਬੂਤ ਖ਼ਤਮ ਕਰਨ ਲਈ ਦੀਵਾਰਾਂ ਨੂੰ ਸਾਫ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਮੂਹਿਕ ਖ਼ੁਦਕੁਸ਼ੀ ਕਾਂਡ ਤੋਂ ਬਾਅਦ ਜਾਂਚ ਬਿਠਾਈ ਗਈ ਸੀ। ਰਿਟਾਇਰਡ ਜਸਟਿਸ ਅਜੀਤ ਸਿੰਘ ਵੱਲੋਂ ਸੰਚਾਲਿਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਲੈ ਕੇ ਅੰਜਾਮ ਤੱਕ ਪਹੁੰਚਾਇਆ।